ਕੌਂਸਲਰ ਗੁਰਮੀਤ ਕੌਰ ਵੱਲੋਂ ਸ਼ਹਿਰ ਵਿੱਚ ਸਫਾਈ ਵਿਵਸਥਾ ਵਿੱਚ ਸੁਧਾਰ ਕਰਨ ਦੀ ਮੰਗ
ਐਸ ਏ ਐਸ ਨਗਰ : ਚੰਡੀਗੜ੍ਹ ਦੀ ਤਰਜ ਤੇ ਵਸਾਏ ਗਏ ਸ਼ਹਿਰ ਨੂੰ ਅਕਸਰ ਹਾਈ ਫਾਈ ਅਤੇ ਆਧੁਨਿਕ ਸ਼ਹਿਰ ਕਿਹਾ ਜਾਂਦਾ ਹੈ ਅਤੇ ਇਸ ਸ਼ਹਿਰ ਵਿੱਚ ਆਪਣੀ ਰਿਹਾਇਸ਼ ਬਣਾਉਣਾ ਹਰ ਪੰਜਾਬੀ ਦਾ ਸੁਪਨਾ ਹੁੰਦਾ ਹੈ ਪਰ ਇਸ ਸ਼ਹਿਰ ਵਿੱਚ ਹਰ ਪਾਸੇ ਫੈਲੀ ਗੰਦਗੀ ਇਸ ਸ਼ਹਿਰ ਦੀ ਸੁੰਦਰਤਾ ਦੇ ਉਪਰ ਵੱਡਾ ਧੱਬਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗੰਦਗੀ ਦੋ ਚਾਰ ਦਿਨਾਂ ਦੀ ਨਹੀਂ ਹੈ ਬਲਕਿ ਪਿਛਲੇ ਕਈ ਮਹੀਨਿਆਂ ਤੋਂ ਹੀ ਸ਼ਹਿਰ ਦੀ ਸਫਾਈ ਵਿਵਸਥਾ ਚਰਮਰਾ ਗਈ ਹੈ ਅਤੇ ਹਰ ਪਾਸੇ ਗੰਦਗੀ ਅਤੇ ਕੂੜੇ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ। ਬਰਸਾਤਾਂ ਦੇ ਦਿਨਾਂ ਦੌਰਾਨ ਤਾਂ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ ਅਤੇ ਇਹ ਗੰਦਗੀ ਦੂਰ ਦੂਰ ਤਕ ਖਿੱਲਰ ਜਾਂਦੀ ਹੈ। ਇਸ ਤੋਂ ਇਲਾਵਾ ਆਵਾਰਾ ਕੁੱਤੇ ਅਤੇ ਆਵਾਰਾ ਪਸ਼ੂ ਵੀ ਕੂੜੇ ਨੂੰ ਫਰੋਲਦੇ ਰਹਿੰਦੇ ਹਨ ਅਤੇ ਗੰਦਗੀ ਨੂੰ ਦੂਰ ਦੂਰ ਤੱਕ ਫੈਲਾ ਦਿੰਦੇ ਹਨ। ਗੰਦਗੀ ਦੇ ਢੇਰਾਂ ਤੋਂ ਦੂਰ ਦੂਰ ਤਕ ਬਦਬੂ ਆਉਂਦੀ ਹੈੇ। ਬਰਸਾਤ ਪੈਣ ਤੋਂ ਬਾਅਦ ਤਾਂ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ। ਮੁਹਾਲੀ ਵਿੱਚ ਰਿਹਾਇਸ਼ੀ ਅਤੇ ਵਪਾਰਕ ਪਲਾਟਾਂ, ਫਲੈਟਾਂ, ਕੋਠੀਆਂ, ਦੁਕਾਨਾਂ ਦੇ ਰੇਟ ਪੂਰੇ ਪੰਜਾਬ ਨਾਲੋਂ ਵੱਧ ਹਨ। ਏਨੇ ਮਹਿੰਗੇ ਮੁੱਲ ਦੇ ਮਕਾਨ ਖਰੀਦ ਕੇ ਰਹਿ ਰਹੇ ਲੋਕ ਜਦੋਂ ਮੁਹਾਲੀ ਵਿੱਚ ਹਰ ਪਾਸੇ ਫੈਲੀ ਗੰਦਗੀ ਦੇਖਦੇ ਹਨ ਤਾਂ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ। ਮੁਹਾਲੀ ਵਿੱਚ ਹਰ ਪਾਸੇ ਫੈਲੀ ਗੰਦਗੀ ਦੀ ਤਾਂ ਚਰਚਾ ਹੁਣ ਵਿਦੇਸ਼ਾਂ ਵਿੱਚ ਵੀ ਹੋਣ ਲੱਗ ਪਈ ਹੈ ਅਤੇ ਮੁਹਾਲੀ ਵਿੱਚ ਮਕਾਨ ਲੈਣ ਦਾ ਯਤਨ ਕਰਨ ਵਾਲੇ ਐਨ ਆਰ ਆਈ ਪੰਜਾਬੀ ਹੁਣ ਮੁਹਾਲੀ ਤੋਂ ਦੂਰ ਰਹਿਣ ਵਿੱਚ ਹੀ ਆਪਣੀ ਭਲਾਈ ਸਮਝਣ ਲੱਗ ਪਏ ਹਨ।

ਸਮਾਜ ਸੇਵੀ ਪੁਸ਼ਪਾ ਪੁਰੀ ਦਾ ਕਹਿਣਾ ਹੈ ਕਿ ਨਗਰ ਨਿਗਮ ਮੁਹਾਲੀ ਸ਼ਹਿਰ ਵਿੱਚ ਸਫਾਈ ਵਿਵਸਥਾ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ਦੇ ਹਰ ਇਲਾਕੇ ਵਿੱਚ ਗੰਦਗੀ ਦੇ ਢੇਰ ਨਜ਼ਰ ਆ ਰਹੇ ਹਨ। ਜੇ ਇਹਨਾਂ ਢੇਰਾਂ ਨੂੰ ਨਗਰ ਨਿਗਮ ਵੱਲੋਂ ਚੁਕਵਾਇਆ ਜਾਂਦਾ ਹੈ ਤਾਂ ਦੂਜੇ ਪਾਸੇ ਗੰਦਗੀ ਦੇ ਢੇਰ ਲੱਗ ਜਾਂਦੇ ਹਨ। ਸ਼ਹਿਰ ਦੇ ਰਿਹਾਇਸ਼ੀ ਖੇਤਰ ਦੇ ਨਾਲ ਨਾਲ ਵਪਾਰਕ ਮਾਰਕੀਟਾਂ ਵਿੱਚ ਵੀ ਹਰ ਪਾਸੇ ਗੰਦਗੀ ਫੈਲੀ ਰਹਿੰਦੀ ਹੈ। ਜਿਸ ਤੋਂ ਪਤਾ ਚਲਦਾ ਹੈ ਕਿ ਸ਼ਹਿਰ ਵਿੱਚ ਕਈ ਕਈ ਦਿਨ ਸਫਾਈ ਨਹੀਂ ਹੁੰਦੀ। ਦਰਖੱਤਾਂ ਤੋਂ ਟੁੱਟ ਕੇ ਹੇਠਾਂ ਡਿੱਗੇ ਪੱਤੇ ਕਈ ਕਈ ਦਿਨ ਸੜਕਾਂ ਤੇ ਖਿੱਲਰੇ ਰਹਿੰਦੇ ਹਨ। ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੇ ਵੀ ਕਈ ਕਈ ਦਿਨ ਸਫਾਈ ਨਹੀਂ ਹੁੰਦੀ। ਗੰਦਗੀ ਤੋਂ ਅੱਕੇ ਲੋਕ ਕਈ ਵਾਰ ਆਪਣੇ ਘਰਾਂ ਅੱਗੇ ਖੁਦ ਹੀ ਸੜਕਾਂ ਸਾਫ ਕਰਦੇ ਹਨ। ਉਹਨਾਂ ਕਿਹਾ ਕਿ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਵੀ ਖਾਲੀ ਲਿਫਾਫੇ ਹਵਾ ਵਿੱਚ ਉਠਦੇ ਫਿਰਦੇ ਹਨ ਅਤੇ ਹਰ ਪਾਸੇ ਕੂੜਾ ਖਿਲਰਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਜੇ ਨਗਰ ਨਿਗਮ ਮੁਹਾਲੀ ਦੇ ਮੌਜੂਦਾ ਅਹੁਦੇਦਾਰ ਸ਼ਹਿਰ ਵਿੱਚ ਸਫਾਈ ਵੀ ਨਹੀਂ ਕਰਵਾ ਸਕਦੇ ਤਾਂ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇ ਇਹ ਗੰਦਗੀ ਸ਼ਹਿਰ ਵਿੱਚ ਹਰ ਪਾਸੇ ਇਸੇ ਤਰ੍ਹਾਂ ਫੈਲੀ ਰਹੀ ਤਾਂ ਬਰਸਾਤਾਂ ਦੇ ਦਿਨ ਹੋਣ ਕਰਕੇ ਕਿਸੇ ਵੀ ਸਮੇਂ ਸ਼ਹਿਰ ਵਿੱਚ ਕੋਈ ਬਿਮਾਰੀ ਫੈਲਣ ਦਾ ਖਤਰਾ ਬਣ ਸਕਦਾ ਹੈ।
ਨਗਰ ਨਿਗਮ ਦੀ ਕੌਂਸਲਰ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਈ ਵਾਰ ਨਗਰ ਨਿਗਮ ਮੁਹਾਲੀ ਨੂੰ ਕਿਹਾ ਗਿਆ ਹੈ ਕਿ ਸ਼ਹਿਰ ਵਿੱਚ ਹਰ ਪਾਸੇ ਫੈਲੀ ਗੰਦਗੀ ਚੁੱਕਵਾਈ ਜਾਵੇ ਪਰ ਨਗਰ ਨਿਗਮ ਮੁਹਾਲੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਸਮੇਤ ਹਰ ਵਾਰਡ ਵਿੱਚ ਹੀ ਹਰ ਪਾਸੇ ਗੰਦਗੀ ਫੈਲੀ ਰਹਿੰਦੀ ਹੈ,ਜਿਸ ਕਾਰਨ ਸ਼ਹਿਰ ਵਾਸੀ ਬਹੁਤ ਪ੍ਰੇਸ਼ਾਨ ਹੁੰਦੇ ਹਨ। ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਸਫਾਈ ਕਰਵਾਉਣ ਦੇ ਪੂਰੇ ਪ੍ਰਬੰਧ ਕੀਤੇ ਜਾਣ।