ਅੰਮ੍ਰਿਤਸਰ : ਖਾਲਸਾ ਕਾਲਜ ਫਾਰ ਵੂਮੈਨ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ‘ਈਟ ਰਾਈਟ ਕੈਂਪਸ’ ਪਹਿਲਕਦਮੀ ਅਧੀਨ ਵੱਕਾਰੀ ‘5 ਸਟਾਰ’ ਰੇਟਿੰਗ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਏ. ਡੀ. ਸੀ. ਰੋਹਿਤ ਗੁਪਤਾ ਵੱਲੋਂ ਵਿਸ਼ੇਸ਼ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਬੰਧੀ ਖਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮਾਨਤਾ 31 ਮਾਰਚ 2025 ਤੋਂ 30 ਮਾਰਚ 2027 ਦੀ ਮਿਆਦ ਤੱਕ ਮੰਜ਼ੂਰ ਹੈ ਅਤੇ ਕਾਲਜ ਨੂੰ ਭਾਰਤ ਦੇ ‘ਮਿਸਾਲੀ ਸੰਸਥਾਵਾਂ’ ’ਚ ਸਥਾਨ ਦਿੰਦੀ ਹੈ, ਜੋ ਸੁਰੱਖਿਅਤ, ਸਿਹਤਮੰਦ ਅਤੇ ਟਿਕਾਊ ਭੋਜਨ ਅਭਿਆਸਾਂ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਟੀਫਿਕੇਸ਼ਨ ਪ੍ਰੀਕ੍ਰਿਆ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਅੰਮ੍ਰਿਤਸਰ ਦੇ ਸਹਿਯੋਗ ਨਾਲ ਲਾਗੂ ਕੀਤੀ ਗਈ ਸੀ ਅਤੇ ਪ੍ਰੀਸੀਜ਼ਨ ਆਡਿਟ ਸਰਵਿਸਿਜ਼ ਲਿਮਟਿਡ ਨੇ ਅਧਿਕਾਰਤ ਆਡਿਟਿੰਗ ਪਾਰਟਨਰ ਵਜੋਂ ਸੇਵਾ ਨਿਭਾਈ, ਜਦਕਿ ‘ਅੰਬਿਕਾ ਕਾਰਡਸ’ ਵੱਲੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਭੋਜਨ ਸੁਰੱਖਿਆ ਮਿਆਰਾਂ ਸਬੰਧੀ ਸੰਵੇਦਨਸ਼ੀਲ ਬਣਾਉਣ ਲਈ ਸਿਖਲਾਈ ਸੈਸ਼ਨ ਕਰਵਾਏ ਗਏ। ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਉਕਤ ਪ੍ਰਾਪਤੀ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਪ੍ਰਮਾਣੀਕਰਣ ਕਾਲਜ ਦੀ ਸਿਹਤ, ਪੋਸ਼ਣ ਅਤੇ ਸਥਿਰਤਾ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।