ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੂ.ਜੀ.ਸੀ.-ਮਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵਿਖੇ ਚੱਲ ਰਿਹਾ ਨੈਕ ਅਤੇ ਆਈ. ਕਿਊ.ਏ. ਸੀ. ਕੋਆਰਡੀਨੇਟਰਾਂ ਨਾਲ਼ ਸਬੰਧਤ ਆਨਲਾਈਨ ਸ਼ਾਰਟ-ਟਰਮ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ।
ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਗੁਣਵੱਤਾ ਪ੍ਰਾਪਤ ਕਰਨਾ ਇੱਕ ਨਿਰੰਤਰ ਚੱਲਣ ਵਾਲ਼ੀ ਪ੍ਰਕਿਰਿਆ ਹੈ ਅਤੇ ਇਸ ਦਿਸ਼ਾ ਵਿੱਚ ਅਜਿਹੇ ਯਤਨ ਬਹੁਤ ਸਾਰਥਕ ਸਿੱਧ ਹੁੰਦੇ ਹਨ। ਉਨ੍ਹਾਂ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਕਿ ਇਸ ਰਾਹੀਂ ਨੈਕ ਅਤੇ ਆਈ. ਕਿਊ.ਏ. ਸੀ. ਕੋਆਰਡੀਨੇਟਰਾਂ ਨੂੰ ਲੋੜੀਂਦਾ ਗਿਆਨ ਮੁਹਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਸਿੱਖਿਆ ਨੀਤੀ ਦੇ ਉਦੇਸ਼ਾਂ ਨਾਲ ਮੇਲ ਖਾਂਦਾ ਹੈ।
ਯੂਨੀਵਰਸਿਟੀ ਤੋਂ ਆਈ. ਕਿਊ.ਏ. ਸੀ. ਦੇ ਡਾਇਰੈਕਟਰ ਪ੍ਰੋ. ਧਰਮਵੀਰ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨੈਕ ਅਤੇ ਆਈ. ਕਿਊ.ਏ. ਸੀ. ਕੋਆਰਡੀਨੇਟਰਾਂ ਨਾਲ਼ ਜੁੜੇ ਬਹੁਤ ਸਾਰੇ ਵਿਹਾਰਕ ਕਿਸਮ ਦੇ ਮੁੱਦੇ ਵਿਚਾਰੇ।
ਯੂ.ਜੀ.ਸੀ.-ਮਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਸਵਾਗਤੀ ਭਾਸ਼ਣ ਦੌਰਾਨ ਪ੍ਰੋਗਰਾਮ ਦੀ ਸਫਲਤਾ ਨੂੰ ਉਜਾਗਰ ਕਰਦਿਆਂ ਇਸ ਦੇ ਆਯੋਜਨ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਉਚੇਚਾ ਜ਼ਿਕਰ ਕੀਤਾ।
ਕੋਰਸ ਕੋਆਰਡੀਨੇਟਰ ਡਾ. ਰਾਕੇਸ਼ ਕੁਮਾਰ, ਪ੍ਰੋਫੈਸਰ ਗਣਿਤ, ਨੇ ਭਾਗੀਦਾਰਾਂ ਦੀ ਜੋਸ਼ੀਲੀ ਸ਼ਮੂਲੀਅਤ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਸ਼ਲਾਘਾ ਕੀਤੀ।