ਹੁਸ਼ਿਆਰਪੁਰ : “02 ਦਸੰਬਰ 2024 ਨੂੰ ਮੀਰੀ ਪੀਰੀ ਦੇ ਮਹਾਨ ਤਖਤ ਅਤੇ ਸਿਧਾਂਤ ਦੀ ਅਗਵਾਈ ਹੇਠ 5 ਸਿੰਘ ਸਾਹਿਬਾਨਾਂ ਨੇ ਹੁਕਮਨਾਮਾ ਜਾਰੀ ਕਰਦੇ ਹੋਏ ਲਿਖਤੀ ਰੂਪ ਵਿਚ ਕਿਹਾ ਸੀ ਕਿ ਵੱਖ-ਵੱਖ ਅਕਾਲੀ ਧੜੇ ਆਪੋ ਆਪਣੇ ਵੱਖ-ਵੱਖ ਸਿਆਸੀ ਚੁੱਲ੍ਹਿਆ ਨੂੰ ਸਮੇਟ ਕੇ ਇਸ ਮਹਾਨ ਸੰਸਥਾਂ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਕੇ ਇਕੋ ਇਕ ਸ਼੍ਰੋਮਣੀ ਅਕਾਲੀ ਦਲ ਨੂੰ ਹੋਦ ਵਿਚ ਲਿਆਉਣ ਪਰ ਅਜਿਹੇ ਹੁਕਮਨਾਮੇ ਜਾਰੀ ਕਰਨ ਵਾਲਿਆਂ ਚੋਂ ਸਾਬਕਾ ਜਥੇਦਾਰ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਲਾਲਸਾਵਾਂ ਅਧੀਨ ਆਪਣਾ ਹੀ ਇੱਕ ਹੋਰ ਚੁੱਲਾ ਬਣਾ ਬੈਠੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ ਹੋਂਦ ਵਿੱਚ ਆਏ ਨਵੇਂ ਅਕਾਲੀ ਦਲ ਪ੍ਰਤੀ ਪ੍ਰਤਿਕਿਰਿਆ ਜਾਰੀ ਕਰਦੇ ਹੋਏ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਹੁਕਮਨਾਮੇ ਵਿਚ ਇਹ ਵੀ ਦਰਜ ਹੈ ਕਿ ਬਾਦਲ ਅਕਾਲੀ ਦਲ ਜਾਂ ਸੁਧਾਰ ਲਹਿਰ ਵਾਲੇ ਬਾਗੀ ਦਾਗੋ ਦਾਗ ਹੋਈ ਸਮੁੱਚੀ ਸਿੱਖ ਕੌਮ ਦੀ ਦੋਸ਼ੀ ਲੀਡਰਸਿਪ ਵੱਲੋ ਬੀਤੇ ਸਮੇ ਵਿਚ ਸਿੱਖ ਕੌਮ ਨਾਲ ਕੀਤੇ ਗਏ ਵੱਡੇ ਧੋਖੇ-ਫਰੇਬ ਦੀ ਬਦੌਲਤ ਹੁਣ ਇਨ੍ਹਾਂ ਨੂੰ ਸਿੱਖ ਕੌਮ ਦੀ ਧਾਰਮਿਕ ਜਾਂ ਰਾਜਨੀਤਿਕ ਅਗਵਾਈ ਕਰਨ ਦਾ ਇਖਲਾਕੀ ਹੱਕ ਨਹੀ ਰਿਹਾ । ਪਰ ਦੁੱਖ ਅਤੇ ਅਫਸੋਸ ਹੈ ਕਿ ਜੋ ਵਿਦਵਾਨ ਅਤੇ ਗਿਆਨੀ ਉਪਰੋਕਤ ਹੁਕਮਨਾਮੇ ਨੂੰ ਜਾਰੀ ਕਰਨ ਸਮੇ ਬਤੌਰ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬਾਨਾਂ ਵਿਚ ਸਾਮਿਲ ਸਨ, ਉਹ ਖੁਦ ਹੀ ਹੋਏ ਹੁਕਮਨਾਮਿਆ ਨੂੰ ਲਾਗੂ ਕਰਵਾਉਣ ਜਾਂ ਸੰਪੂਰਨ ਕਰਵਾਉਣ ਦੀ ਬਜਾਇ ਆਪਣਾ ਇਕ ਨਵਾਂ ਚੁੱਲ੍ਹਾ ਆਪਣੀ ਪ੍ਰਧਾਨਗੀ ਵਿਚ ਬਣਾਕੇ ਬੈਠ ਗਏ ਅਤੇ ਇਕ ਧੜੇ ਦੁਆਰਾ ਕੀਤੀ ਗਈ ਭਰਤੀ ਨੂੰ ਕਾਨੂੰਨੀ ਆਧਾਰ ਦੱਸਕੇ ਆਪਣੇ ਧੜੇ ਦੀ ਜਮਹੂਰੀਅਤ ਚੋਣ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ । ਜਦੋਕਿ ਇਨ੍ਹਾਂ ਨੇ ਖੁਦ ਹੁਕਮਨਾਮੇ ਵਿਚ ਦਰਜ ਕੀਤਾ ਸੀ ਕਿ ਇਹ ਲੋਕ ਖਾਲਸਾ ਪੰਥ ਦੀ ਅਗਵਾਈ ਕਰਨ ਦਾ ਇਖਲਾਕੀ ਹੱਕ ਗੁਆ ਚੁੱਕੇ ਹਨ । ਕੀ ਗਿਆਨੀ ਹਰਪ੍ਰੀਤ ਸਿੰਘ ਖੁਦ ਹੀ ਇਸ ਦੁੱਖਦਾਇਕ ਅਤੇ ਕੌਮ ਵਿਰੋਧੀ ਵਰਤਾਰੇ ਦਾ ਹਿੱਸਾ ਬਣਕੇ ਆਪਣੀ ਹਾਜਰੀ ਵਿਚ ਹੋਏ ਹੁਕਮਨਾਮੇ ਦੀ ਤੋਹੀਨ ਨਹੀ ਕਰ ਰਹੇ ? ਜਿਨ੍ਹਾਂ ਕਾਲੀਆ ਭੇਡਾ ਨੇ ਆਪਣੇ ਸਵਾਰਥੀ, ਸਿਆਸੀ ਅਤੇ ਮਾਲੀ ਹਿੱਤਾ ਲਈ ਲੰਮਾਂ ਸਮਾਂ ਬਾਦਲ ਪਰਿਵਾਰ ਵੱਲੋ ਕੀਤੇ ਗਏ ਖਾਲਸਾ ਪੰਥ ਵਿਰੋਧੀ ਕੁਕਰਮਾ ਵਿਚ ਸਾਥ ਦਿੱਤਾ, ਬਾਦਲ ਰੂਪੀ ਸਿਆਸੀ ਚੁੱਲ੍ਹੇ ਨੂੰ ਬੇਗੈਰਤ ਤੇ ਬੇਸਰਮੀ ਨਾਲ ਚੱਲਦਾ ਰੱਖਣ ਲਈ ਤੇ ਆਪਣੇ ਸਿਆਸੀ ਅਹੁਦਿਆ ਨੂੰ ਬਰਕਰਾਰ ਰੱਖਣ ਲਈ ਇਕ ਦੂਜੇ ਤੋ ਮੂਹਰੇ ਹੋ ਕੇ ਸਰਗਰਮੀਆ ਕਰਦੇ ਰਹੇ, ਕੀ ਉਸ ਨਿਰਾਰਥਕ ਅਤੇ ਸਿੱਖ ਕੌਮ ਵਿਚ ਅਸਫਲ ਹੋ ਚੁੱਕੀ ਲੀਡਰਸਿਪ ਦੀ ਦੁਆਰਾ ਦੁਰਵਰਤੋ ਨਹੀ ਕੀਤੀ ਜਾ ਰਹੀ ਅਤੇ ਉਸ ਸਿੱਖ ਕੌਮ ਵਿਚ ਆਧਾਰ ਗੁਆ ਚੁੱਕੀ ਦਿਸਾਹੀਣ ਲੀਡਰਸਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਕੇ ਫਿਰ ਤੋ ਥੋਪਣ ਦੀ ਅਸਫਲ ਕੋਸਿਸ ਨਹੀ ਹੋ ਰਹੀ?”