ਮੰਦਿਰ ਵਿੱਚ ਚੱਲ ਰਹੇ ਵਿਕਾਸ ਦੀ ਸਮੀਖਿਆ ਕਰਨ ਲਈ ਪ੍ਰਬੰਧਨ ਕਮੇਟੀ ਨਾਲ ਕੀਤੀ ਮੀਟਿੰਗ
ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ੍ਰੀ ਕਾਲੀ ਮਾਤਾ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਸੂਬੇ ਦੀ ਹੋਰ ਮਿਸ਼ਨਰੀ ਭਾਵਨਾ ਤੇ ਸਮਰਪਣ ਨਾਲ ਸੇਵਾ ਕਰਨ ਲਈ ਮਾਤਾ ਰਾਣੀ ਤੋਂ ਆਸ਼ੀਰਵਾਦ ਲਿਆ।
ਮੁੱਖ ਮੰਤਰੀ ਬਾਅਦ ਦੁਪਹਿਰ ਸ੍ਰੀ ਕਾਲੀ ਮਾਤਾ ਮੰਦਿਰ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਦੇ ਆਸ਼ੀਰਵਾਦ ਨਾਲ ਲੋਕਾਂ ਦੀਆਂ ਇੱਛਾਵਾਂ ਉੱਤੇ ਖਰ੍ਹਾ ਉਤਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਸਰਕਾਰ ਵੱਲੋਂ ਲੋਕ-ਪੱਖੀ ਤੇ ਵਿਕਾਸ ਮੁਖੀ ਨੀਤੀਆਂ ਨੂੰ ਲਾਗੂ ਕਰਨ ਨੂੰ ਮੁੱਖ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਭਿਆਚਾਰਕ ਰਾਜਧਾਨੀ ਪਟਿਆਲਾ ਵਿੱਚ ਸਥਿਤ ਸ੍ਰੀ ਕਾਲੀ ਮਾਤਾ ਮੰਦਿਰ ਉੱਤਰੀ ਭਾਰਤ ਦੇ ਪਵਿੱਤਰ ਤੇ ਇਤਿਹਾਸਕ ਮੰਦਿਰਾਂ ਵਿੱਚੋਂ ਇਕ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਿਰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਸ਼ਾਹੀ ਸਰਪ੍ਰਸਤੀ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅੱਜ ਸੂਬੇ ਦੇ ਅਮਨ, ਤਰੱਕੀ ਤੇ ਖ਼ੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
ਮੁੱਖ ਮੰਤਰੀ ਨੇ ਮੰਦਿਰ ਦੀ ਨਵ-ਨਿਯੁਕਤ ਪ੍ਰਬੰਧਕ ਕਮੇਟੀ ਨਾਲ ਵੀ ਵਿਸਤਾਰ ਨਾਲ ਮੀਟਿੰਗ ਕੀਤੀ ਅਤੇ ਇਮਾਰਤ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਕਮੇਟੀ ਨੂੰ ਇਸ ਨੇਕ ਕਾਰਜ ਨੂੰ ਪੂਰਾ ਕਰਨ ਵਿੱਚ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਪਵਿੱਤਰ ਸਥਾਨ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੁੱਖ ਮੰਤਰੀ ਨੇ ਪ੍ਰਾਰਥਨਾ ਕੀਤੀ ਅਤੇ ਸੂਬੇ ਦੇ ਲੋਕਾਂ ਦੀ ਪੂਰੀ ਦਿਆਨਤਾਰੀ ਨਾਲ ਸੇਵਾ ਕਰਨ ਲਈ ਤਾਕਤ ਬਖ਼ਸ਼ਣ ਦਾ ਆਸ਼ੀਰਵਾਦ ਮੰਗਿਆ। ਉਨ੍ਹਾਂ ਮਾਤਾ ਰਾਣੀ ਤੋਂ ਆਸ਼ੀਰਵਾਦ ਮੰਗਿਆ ਕਿ ਜਾਤ, ਰੰਗ, ਨਸਲ ਤੇ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰ ਸਕਣ ਤਾਂ ਕਿ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਹੋ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਜ ਵਿੱਚ ਪਿਆਰ, ਭਾਈਚਾਰੇ ਤੇ ਸਦਭਾਵਨਾ ਵਰਗੀਆਂ ਕਦਰਾਂ-ਕੀਮਤਾਂ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਅਤੇ ਇਹ ਸਾਡੀ ਸਰਕਾਰ ਦੀ ਹਮੇਸ਼ਾ ਮੁੱਖ ਤਰਜੀਹ ਰਹੇਗੀ।