ਕੁਰਾਲੀ : ਪੰਜਾਬ ਅੰਦਰ ਲੈਂਡ ਪੁਲਿੰਗ ਸਕੀਮ ਅਤੇ ਹਲਕਾ ਖਰੜ ਦੀਆਂ ਵੱਖ-ਵੱਖ ਸਮੱਸਿਆ ਨੂੰ ਲੈ ਕੇ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਜਨਰਲ ਸਕੱਤਰ (ਪੰਜਾਬ ਕਿਸਾਨ ਕਾਂਗਰਸ) ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਇਸ ਦੇ ਚਲਦਿਆ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਅੱਜ ਨੇੜਲੇ ਪਿੰਡ ਅਕਾਲਗੜ੍ਹ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ।ਇਸ ਮੌਕੇ ਉਹਨਾਂ ਇਕੱਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇਨੀ ਦਿਨੀ ਪੰਜਾਬ ਸਰਕਾਰ ਪੰਜਾਬ ਦੇ ਭੋਲੇ ਭਾਲੇ ਕਿਸਾਨਾਂ ਨੂੰ ਵਰਗਲਾ ਕੇ ਉਨਾਂ ਦੀਆਂ ਜਮੀਨਾਂ ਹਥਿਆਉਣਾ ਚਾਹੁੰਦੀ ਹੈ ਪਰ ਅਸੀਂ ਸਰਕਾਰ ਦੀ ਇਹ ਚਾਲ ਕਿਸੇ ਵੀ ਕੀਮਤ ਤੇ ਨਹੀਂ ਚੱਲਣ ਦੇਵਾਂਗੇ।ਕਿਸੇ ਵੀ ਪਿੰਡ ਵਿੱਚ ਕਿਸੇ ਵੀ ਕਿਸਾਨਾਂ ਦੀ ਇੱਕ ਏਕੜ ਜਮੀਨ ਤੇ ਸਰਕਾਰ ਨੂੰ ਕਬਜਾ ਨਹੀਂ ਲੈਣ ਦੇਣਗੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੀਆਂ ਸਕੀਮਾਂ ਨੂੰ ਛੱਡ ਕੇ ਲੋਕਾਂ ਦੀਆਂ ਆਮ ਤਕਲੀਫਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਹਲਕਾ ਖਰੜ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬੇਹੱਦ ਤਰਸਯੋਗ ਬਣ ਚੁੱਕੀ ਹੈ। ਵੱਡੇ ਵੱਡੇ ਵਾਅਦੇ ਕਰ ਸੱਤਾ ਵਿੱਚ ਆਈ ਸਰਕਾਰ ਦੇ ਵੱਲੋਂ ਵਿਕਾਸ ਦੇ ਹੋਰ ਕਾਰਜ ਤਾਂ ਕੀ ਕਰਨੇ ਸਨ ਸਗੋਂ ਆਮ ਲੋਕਾਂ ਦੀਆਂ ਮੁਢਲੀਆਂ ਲੋੜਾਂ ਸੜਕਾਂ ਤੱਕ ਵੀ ਨਹੀਂ ਬਣਾ ਸਕੀ। ਦੂਜੇ ਪਾਸੇ ਪੰਜਾਬ ਦੇ ਵਿੱਚ ਵਿਕਾਸ ਦੇ ਨਾਮ ਤੇ ਵੱਡੇ ਵੱਡੇ ਇਸ਼ਤਿਹਾਰ ਲਗਵਾ ਕੇ ਪੰਜਾਬ ਦੇ ਖਜ਼ਾਨੇ ਨੂੰ ਢਾਅ ਲਾਈ ਜਾ ਰਹੀ ਹੈ। ਇਸ ਲਈ ਉਹ ਪਿੰਡਾਂ-ਪਿੰਡਾਂ ਸ਼ਹਿਰਾਂ- ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਇਹਨਾਂ ਗਲਤ ਨੀਤੀਆਂ ਦੇ ਖਿਲਾਫ ਸੁਚੇਤ ਕਰ ਰਹੇ ਹਨ ਤਾਂ ਜੋ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਮੁੜ ਇਹ ਗਲਤੀ ਨਾ ਕਰਣ।ਇਸ ਮੌਕੇ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਪਿੰਡ ਅਕਾਲਗੜ੍ਹ ਚ ਨਵੀਂ ਬਣ ਰਹੀ ਗੁਰਦੁਆਰਾ ਸਾਹਿਬ ਦੀ ਪਾਵਨ ਇਮਾਰਤ ਲਈ 31000 ਰੁਪਏ ਸੇਵਾ ਵਜੋਂ ਦਿੱਤੇ।ਇਸ ਮੌਕੇ ਗ੍ਰਾਮ ਪੰਚਾਇਤ ਅਤੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਮਿਲ ਕੇ ਗੁਰਪ੍ਰਤਾਪ ਸਿੰਘ ਪਡਿਆਲਾ ਦਾ ਸਿਰੋਪਾਉ ਪਾਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰਜੰਟ ਸਿੰਘ ਅਕਾਲਗੜ੍ਹ, ਅਮਰਿੰਦਰ ਸਿੰਘ ਧਗਧਾਣਾ, ਤਜਿੰਦਰ ਸਿੰਘ ਗੁੰਨੋ ਮਾਜਰਾ, ਸਤਨਾਮ ਸਿੰਘ ਪਿੱਲਾ ਪ੍ਰਧਾਨ (ਗੁਰਦੁਆਰਾ ਕਮੇਟੀ), ਜਗਤਾਰ ਸਿੰਘ, ਧਰਮਪਾਲ ਸਿੰਘ, ਸੁਖਬੀਰ ਸਿੰਘ, ਭੁਪਿੰਦਰ ਸਿੰਘ, ਰਾਜਵਿੰਦਰ ਸਿੰਘ ਗੁੱਡੂ ਸਲੇਮਪੁਰਾ, ਮੁਕੇਸ ਰਾਣਾ ਸਾਬਕਾ ਕੌਂਸਲਰ, ਮੇਜਰ ਸਿੰਘ, ਸੁਖਦੇਵ ਸਿੰਘ, ਸੰਦੀਪ ਸ਼ਰਮਾ, ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਪਿੰਡ ਵਾਸੀ ਹਾਜ਼ਰ ਸਨ।