ਸਾਹਿਬਜ਼ਾਦਾ ਅਜੀਤ ਸਿੰਘ ਨਗਰ : ‘ਵਿਮੁਕਤ ਜਾਤੀ ਵੈੱਲਫੇਅਰ ਬੋਰਡ ਪੰਜਾਬ’ ਦੇ ਨਵੇਂ ਚੇਅਰਮੈਨ ਬਰਖਾ ਰਾਮ ਨੇ ਅੱਜ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ। ਉਹ ਬੋਰਡ ਦੇ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਦਫ਼ਤਰ, ਸੈਕਟਰ-79 ਮੋਹਾਲੀ ਪਹੁੰਚੇ ਅਤੇ ਵਿਧਾਇਕ ਦਾ ਵਿਸ਼ੇਸ਼ ਧੰਨਵਾਦ ਕੀਤਾ। ਬਰਖਾ ਰਾਮ ਨੇ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਚੇਅਰਮੈਨ ਬਰਖਾ ਰਾਮ ਅਤੇ ਬੋਰਡ ਮੈਂਬਰ ਗੁਰਮੁਖ ਸਿੰਘ, ਅਵਤਾਰ ਰਾਏ ਮਰਦਾਹੇਰੀ, ਗੋਕਲ ਸਿੰਘ ਅਤੇ ਪਿਆਰਾ ਸਿੰਘ ਬਾਬਰੀਆ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਨੇਤਾਵਾਂ ਅਤੇ ਮੁਹਤਬਰ ਵਿਅਕਤੀਆਂ ਨੂੰ ਮਹੱਤਵਪੂਰਣ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ, ਤਾਂ ਜੋ ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਸਮੱਸਿਆਵਾਂ ਦਾ ਤੇਜ਼ੀ ਨਾਲ ਨਿਪਟਾਰਾ ਹੋ ਸਕੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਰਫ਼ਤਾਰ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਕੋਲ ਹੁਣ ਕੋਈ ਦਲੀਲ ਨਹੀਂ ਬਚੀ। ਉਨ੍ਹਾਂ ਹੋਰ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮੋਹਾਲੀ ਸਮੇਤ ਪੰਜਾਬ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਦੇ ਐਲਾਨ ਉਪਰੰਤ ਜ਼ਰੂਰੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਹੈ ਕਿ ਬਰਖਾ ਰਾਮ ਦੀ ਚੇਅਰਮੈਨ ਵਜੋਂ ਨਿਯੁਕਤੀ ‘ਡੀ-ਨੋਟੀਫਾਈਡ ਟਰਾਈਬ’ ਸਮਾਜ ਵਿੱਚ ਖੁਸ਼ੀ ਦੀ ਲਹਿਰ ਲੈ ਕੇ ਆਈ ਹੈ। ਰੇਲਵੇ ਵਿਭਾਗ ਵਿੱਚ ਲੰਬੇ ਸਮੇਂ ਤੱਕ ਲੋਕੋ ਪਾਇਲਟ (ਮੇਲ) ਰਹੇ ਬਰਖਾ ਰਾਮ ਪਿਛਲੇ 25 ਸਾਲਾਂ ਤੋਂ ਵਿਮੁਕਤ ਜਾਤੀਆਂ ਦੇ ਹਿਤਾਂ ਲਈ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਰੇਲਵੇ ਤੋਂ ਵੀ.ਆਰ.ਐਸ. ਲਿਆ ਗਿਆ ਸੀ। ਬਰਖਾ ਰਾਮ ਨੇ ਆਮ ਆਦਮੀ ਪਾਰਟੀ ਸਰਕਾਰ ਅਤੇ ਵਿਧਾਇਕ ਕੁਲਵੰਤ ਸਿੰਘ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਅਤੇ ਦ੍ਰਿੜਤਾ ਜਤਾਈ ਕਿ ਉਹ ਵਿਮੁਕਤ ਜਾਤੀਆਂ ਦੀ ਭਲਾਈ ਲਈ ਸਰਗਰਮ ਤੌਰ ’ਤੇ ਕੰਮ ਕਰਦੇ ਰਹਿਣਗੇ।
ਇਸ ਮੌਕੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਜਸਪਾਲ ਸਿੰਘ ਮਟੌਰ ਅਤੇ ਹਰਮੇਸ਼ ਸਿੰਘ ਕੁੰਬੜਾ ਵੀ ਹਾਜ਼ਰ ਸਨ।