ਸੰਵਿਧਾਨ ਦੀ ਰੱਖਿਆ ਲਈ ਕਾਂਗਰਸ ਪਾਰਟੀ ਹਰ ਸਮੇਂ ਅਵਾਜ਼ ਚੁੱਕਦੀ ਰਹੇਗੀ : ਸਾਬਕਾ ਸਿਹਤ ਮੰਤਰੀ
ਐੱਸ.ਏ.ਐੱਸ ਨਗਰ : ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਵੋਟ ਚੋਰੀ ਦੇ ਮਸਲੇ ਉੱਤੇ ਚਿੰਤਾ ਜਤਾਈ ਅਤੇ ਕਿਹਾ ਕਿ ਇਹ ਮੁੱਦਾ ਕਿਸੇ ਇੱਕ ਸੂਬੇ ਜਾਂ ਖੇਤਰ ਤੱਕ ਸੀਮਤ ਨਹੀਂ, ਸੰਵਿਧਾਨ ਅਤੇ ਲੋਕਤੰਤਰ ਦੀ ਪਾਵਨ ਵਿਵਸਥਾ ਉੱਤੇ ਹੋ ਰਹੇ ਸਿੱਧੇ ਹਮਲੇ ਦੀ ਨਿਸ਼ਾਨੀ ਹੈ।
ਬਲਬੀਰ ਸਿੱਧੂ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਵਿੱਚੋਂ ਹਜ਼ਾਰਾਂ ਨਾਮ ਹਟਾਕੇ ਅਤੇ ਨਕਲੀ ਵੋਟਾਂ ਬਣਾਕੇ, ਵੋਟ ਚੋਰੀ ਦਾ ਨਵਾਂ ਧੰਦਾ ਚਲਾਇਆ ਜਾ ਰਿਹਾ ਹੈ, ਜੋ ਕਿ ਸਿੱਧਾ-ਸਿੱਧਾ ਲੋਕਤੰਤਰ ਦਾ ਕਤਲ ਹੈ।
ਇਹ ਨਾ ਸਿਰਫ਼ ਕਰਨਾਟਕਾ ਵਿੱਚ ਹੋਇਆ ਅਤੇ ਬਿਹਾਰ ਵਿੱਚ ਹੋ ਰਿਹਾ ਹੈ, ਸਗੋਂ ਹਰਿਆਣਾ, ਮਹਾਰਾਸ਼ਟਰ ਅਤੇ ਪੂਰੇ ਦੇਸ਼ ਵਿੱਚ ਇਹ ਤਾਨਾਸ਼ਾਹੀ ਦੇਖੀ ਗਈ ਹੈ, ਜਿਸ ਬਾਰੇ ਰਾਹੁਲ ਗਾਂਧੀ ਜੀ ਵੱਲੋਂ ਪੂਰੀ ਜਾਣਕਾਰੀ ਕੱਲ ਉਠਾਈ ਜਾ ਚੁੱਕੀ ਹੈ। ਇਤਿਹਾਸ ਵਿੱਚ ਪਹਿਲੀ ਵਾਰ ਚੋਣਾਂ ਤੋਂ ਪਹਿਲਾਂ ਇੰਨੀ ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਂ ਹਟਾਏ ਗਏ ਸਨ ਅਤੇ ਨਕਲੀ ਵੋਟਾਂ ਬਣਾਈਆਂ ਗਈਆਂ ਸਨ।
ਸਿੱਧੂ ਨੇ ਕਿਹਾ ਕਿ ਅਸੀਂ ਇਸ ਗੰਭੀਰ ਮਾਮਲੇ ਨੂੰ ਹਰ ਸੰਵਿਧਾਨਕ ਮੰਚ 'ਤੇ ਉਠਾਵਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਕਿਸੇ ਵੀ ਸਰਕਾਰ ਨੂੰ ਲੋਕਾਂ ਦੇ ਵੋਟ ਦੇ ਅਧਿਕਾਰ ਨਾਲ ਖੇਡਣ ਦੀ ਇਜਾਜ਼ਤ ਨਾ ਮਿਲੇ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਇਸ ਮੁੱਦੇ ਨੂੰ ਜਨਤਾ ਦੇ ਦਰਬਾਰ ਵਿੱਚ ਲਿਆਂਦਾ ਜਾਣਾ ਸਿਰਫ਼ ਵਕਤ ਦੀ ਲੋੜ ਨਹੀਂ ਸੀ, ਸਗੋਂ ਲੋਕਤੰਤਰ ਦੀ ਰੱਖਿਆ ਲਈ ਇੱਕ ਬਹੁਤ ਹੀ ਸਾਹਸੀ ਕਦਮ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਜੋ ਸਵਾਲ ਚੁੱਕੇ ਹਨ, ਉਹ ਹਰ ਸੱਚੇ ਭਾਰਤੀ ਨਾਗਰਿਕ ਦੇ ਮਨ ਵਿਚ ਉੱਠ ਰਹੇ ਸਵਾਲ ਹਨ।
ਬਲਬੀਰ ਸਿੱਧੂ ਨੇ ਕਿਹਾ ਕਿ ਭਾਜਪਾ ਸਰਕਾਰ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਦਾ ਦੁਰਉਪਯੋਗ ਕਰ ਕੇ ਵੋਟਾਂ ਦੀ ਚੋਰੀ ਕਰਵਾ ਰਹੀ ਹੈ, ਤਾਂ ਜੋ ਕਿਸੇ ਤਰੀਕੇ ਨਾਲ ਸੱਤਾ 'ਚ ਕਾਬਜ਼ ਰਹਿਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਦਾ ਭਰੋਸਾ ਗੁਆ ਦਿੱਤਾ ਹੈ ਅਤੇ ਹੁਣ ਉਹ ਤਾਕਤ ਦੇ ਜ਼ੋਰ ਉੱਤੇ ਹਕੀਕਤ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕਾਂਗਰਸ ਪਾਰਟੀ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਬੇਹੱਦ ਕੁਰਬਾਨੀਆਂ ਦਿੱਤੀਆਂ, ਉਹ ਇਸ ਨਵੀਂ ਲੜਾਈ ਵਿੱਚ ਵੀ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਪੂਰੇ ਜੋਸ਼ ਨਾਲ ਮੈਦਾਨ 'ਚ ਉੱਤਰੇਗੀ। ਸਿੱਧੂ ਨੇ ਕਿਹਾ ਕਿ ਜਿਵੇਂ ਅੰਗਰੇਜ਼ੀ ਰਾਜ ਦੇ ਦਿਨਾਂ ਵਿੱਚ ਸੱਚਾਈ ਦੇ ਲਈ ਆਵਾਜ਼ ਬੁਲੰਦ ਹੋਈ ਸੀ, ਉਸੇ ਤਰ੍ਹਾਂ ਅੱਜ ਵੀ ਕਾਂਗਰਸ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਜਪਾ ਦੀ ਤਾਨਾਸ਼ਾਹੀ ਅਤੇ ਚੋਣਾਂ ਦੀਆਂ ਧੱਜੀਆਂ ਉਡਾਉਣ ਵਾਲੇ ਹੱਥਕੰਡਿਆਂ ਦਾ ਡਟ ਕੇ ਵਿਰੋਧ ਕਰੇਗੀ।
ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸੰਵਿਧਾਨਕ ਹੱਕ ਸਮਝਣ ਅਤੇ ਬਚਾਉਣ ਲਈ ਜਾਗਰੂਕ ਹੋਣ। "ਅਸੀਂ ਚੋਣਾਂ ਵਿੱਚ ਸਿਰਫ਼ ਵੋਟ ਨਹੀਂ ਪਾਉਂਦੇ, ਅਸੀਂ ਆਪਣੇ ਭਵਿੱਖ ਨੂੰ ਚੁਣਦੇ ਹਾਂ।''