ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਭਾਰੀ ਬਾਰਿਸ਼ ਅਤੇ ਜੈਅੰਤੀ ਕੀ ਰਾਓ ਨਦੀ ਵਿੱਚ ਪਾਣੀ ਦੇ ਵਹਾਅ ਵਿੱਚ ਵਾਧੇ ਕਾਰਨ ਪੰਜ ਪਿੰਡਾਂ ਨਾਲ ਸੜਕ ਸੰਪਰਕ ਵਿੱਚ ਆਏ ਵਿਘਨ ਦਾ ਗੰਭੀਰ ਨੋਟਿਸ ਲੈਂਦੇ ਹੋਏ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਲੋਕ ਨਿਰਮਾਣ ਵਿਭਾਗ (ਪੀ ਡਬਲਯੂ ਡੀ) ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਜੈਅੰਤੀਮਾਜਰੀ-ਗੁਰਾ-ਕਸੋਲੀ ਲਿੰਕ ਸੜਕ ਨਿਯਮਤ ਨਿਗਰਾਨੀ ਦੇ ਨਾਲ ਹਰ ਸਮੇਂ, ਖਾਸ ਕਰਕੇ, ਬਰਸਾਤ ਦੇ ਦਿਨਾਂ ਦੌਰਾਨ, ਕਾਰਜਸ਼ੀਲ ਰਹੇ।
ਉਨ੍ਹਾਂ ਦੱਸਿਆ ਕਿ ਆਵਾਜਾਈ ਨੂੰ ਮੁੜ ਚਾਲੂ ਕਰਨ ਅਤੇ ਪ੍ਰਭਾਵਿਤ ਵਸਨੀਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਅੱਜ ਸ਼ਾਮ ਨੂੰ ਅਸਥਾਈ ਲਾਂਘੇ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਨੁਕਸਾਨ ਦਾ ਵੇਰਵਾ ਦਿੰਦੇ ਹੋਏ, ਡੀ ਸੀ ਮਿੱਤਲ ਨੇ ਕਿਹਾ ਕਿ 12.81 ਕਿਲੋਮੀਟਰ ਲੰਬੀ ਲਿੰਕ ਸੜਕ 'ਤੇ ਆਰ ਡੀ 6.290 ਕਿਲੋਮੀਟਰ 'ਤੇ ਸਥਿਤ ਕਾਜ਼ਵੇਅ ਕੱਲ੍ਹ ਪਾਣੀ ਦੇ ਭਾਰੀ ਵਹਾਅ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਵਹਿ ਗਿਆ ਸੀ। ਇਹ ਸੜਕ ਗੁਰਾ, ਕਸੋਲੀ, ਕਰੌਂਡੇਵਾਲਾ ਅਤੇ ਭਾਗਿੰਦੀ ਪਿੰਡਾਂ ਲਈ ਇੱਕ ਮਹੱਤਵਪੂਰਨ ਜੀਵਨ ਰੇਖਾ ਵਜੋਂ ਕੰਮ ਕਰਦੀ ਹੈ, ਜੋ ਕਿ ਨੁਕਸਾਨ ਕਾਰਨ ਮੁੱਖ ਸੜਕੀ ਨੈੱਟਵਰਕ ਤੋਂ ਪੂਰੀ ਤਰ੍ਹਾਂ ਕੱਟ ਗਏ ਸਨ।
ਸੜਕੀ ਸੰਪਰਕ ਬਹਾਲ ਕਰਨ ਲਈ, ਪੀ ਡਬਲਯੂ ਡੀ ਦੀਆਂ ਟੀਮਾਂ ਨੂੰ ਤੁਰੰਤ ਲੋੜੀਂਦੇ ਮਨੁੱਖੀ ਸ਼ਕਤੀ ਅਤੇ ਮਸ਼ੀਨਰੀ ਨਾਲ ਤਾਇਨਾਤ ਕੀਤਾ ਗਿਆ ਸੀ। ਪੀ ਡਬਲਯੂ ਡੀ ਖਰੜ ਦੇ ਕਾਰਜਕਾਰੀ ਇੰਜੀਨੀਅਰ ਵਿਵੇਕ ਦੁਰੇਜਾ ਨੇ ਕਿਹਾ ਕਿ ਆਵਾਜਾਈ ਦੀ ਸਹੂਲਤ ਲਈ ਆਰਜ਼ੀ ਸੰਪਰਕ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੜਕ ਦਾ ਸਥਾਈ ਹੱਲ ਜਲਦੀ ਹੀ ਕੀਤਾ ਜਾਵੇਗਾ।