ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਸ਼ਹਿਰੀ ਖੇਤਰ ਦੇ ਵਸਨੀਕਾਂ ਨੂੰ 15 ਅਗਸਤ, 2025 ਤੱਕ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਬਕਾਏ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਮੂਲ ਰਕਮ 'ਤੇ ਜੁਰਮਾਨੇ ਅਤੇ ਵਿਆਜ 'ਤੇ ਛੋਟ ਦਾ ਲਾਭ ਉਠਾਇਆ ਜਾ ਸਕੇ।
ਹੁਣ ਤੱਕ ਇਕੱਤਰ ਹੋਏ ਪ੍ਰਾਪਰਟੀ ਟੈਕਸ ਦੇ ਵੇਰਵੇ ਸਾਂਝੇ ਕਰਦੇ ਹੋਏ, ਡੀ ਸੀ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਨੇ 1 ਜੁਲਾਈ ਤੋਂ ਪ੍ਰਾਪਰਟੀ ਟੈਕਸ ਬਕਾਏ ਤਹਿਤ 22.20 ਕਰੋੜ ਰੁਪਏ ਇਕੱਠੇ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ 'ਰਿਬੇਟ ਵਿੰਡੋ' ਅਜੇ ਵੀ ਖੁੱਲ੍ਹੀ ਹੈ, ਅਤੇ ਲੋਕਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ, ਬਿਨਾਂ ਕਿਸੇ ਵਾਧੂ ਜੁਰਮਾਨੇ ਜਾਂ ਵਿਆਜ ਦੇ ਆਪਣੇ ਬਕਾਏ ਦਾ ਭੁਗਤਾਨ ਤੁਰੰਤ ਕਰਨਾ ਚਾਹੀਦਾ ਹੈ।
ਜ਼ਿਲ੍ਹੇ ਦੀਆਂ ਸਥਾਨਕ ਸੰਸਥਾਵਾਂ ਦੁਆਰਾ ਟੈਕਸ ਦੀ ਕੀਤੀ ਵਸੂਲੀ ਦਾ ਵੇਰਵਾ ਦਿੰਦੇ ਹੋਏ, ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਨਗਰ ਕੌਂਸਲ 13.77 ਕਰੋੜ ਰੁਪਏ ਦੀ ਉਗਰਾਹੀ ਨਾਲ ਸੂਚੀ ਵਿੱਚ ਸਿਖਰ 'ਤੇ ਹੈ। ਇਸ ਤੋਂ ਬਾਅਦ ਖਰੜ 3.81 ਕਰੋੜ ਰੁਪਏ ਨਾਲ, ਡੇਰਾਬੱਸੀ 2.27 ਕਰੋੜ ਰੁਪਏ ਨਾਲ, ਲਾਲੜੂ 84.54 ਲੱਖ ਰੁਪਏ ਨਾਲ, ਕੁਰਾਲੀ 56.4 ਲੱਖ ਰੁਪਏ ਨਾਲ, ਨਵਾਂ ਗਾਉਂ 53.41 ਲੱਖ ਰੁਪਏ ਨਾਲ ਅਤੇ ਬਨੂੜ 38.47 ਲੱਖ ਰੁਪਏ ਨਾਲ ਬਕਾਇਆ ਵਸੂਲੀ ਵੱਲ ਅੱਗੇ ਵਧ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵਾਧੂ ਖਰਚਿਆਂ ਤੋਂ ਬਚਣ ਲਈ 15 ਅਗਸਤ ਦੀ ਮਿੱਥੀ ਸਮਾਂ ਸੀਮਾ ਤੋਂ ਪਹਿਲਾਂ ਅੱਗੇ ਆਉਣ ਅਤੇ ਆਪਣੇ ਬਕਾਏ ਦਾ ਭੁਗਤਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਸ਼ਹਿਰੀ ਵਸਨੀਕਾਂ ਨੂੰ ਬਕਾਇਆ ਭੁਗਤਾਨ ਕਰਨ ਵਿੱਚ ਸਹੂਲਤ ਦੇਣ ਲਈ ਸਥਾਨਕ ਸੰਸਥਾਵਾਂ ਦੇ ਦਫ਼ਤਰ ਸਪਤਾਹ ਅੰਤ (ਸ਼ਨੀਵਾਰ, ਐਤਵਾਰ) 'ਤੇ ਖੁੱਲ੍ਹੇ ਰੱਖੇ ਜਾਣਗੇ।