ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਸਥਾਪਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਦੇ ਅੰਦਰ 5 ਜਾਂ ਵੱਧ ਵਿਅਕਤੀਆਂ ਦੇ ਇਕਠੇ ਹੋਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ 08.08.2025 ਤੋਂ 29.08.2025 ਤੱਕ ਸਵੇਰ ਦੇ ਸੈਸ਼ਨ ਵਿਚ 11.00 ਵਜੇ ਤੋਂ ਦੁਪਹਿਰ 2.15 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਸ੍ਰੇਣੀ ਅਗਸਤ 2025 ਅਨਪੂਰਕ ਪ੍ਰੀਖਿਆਵਾਂ (ਕੰਪਾਰਟਮੈਂਟ/ਰੀ-ਅਪੀਅਰ, ਸਮੇਤ ਓਪਨ ਸਕੂਲ) ਲਈ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ (ਦਸਮੇਸ਼ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ1, ਐਸ.ਏ.ਐਸ.ਨਗਰ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ 3ਬੀ1 ਐਸ.ਏ.ਐਸ ) ਵਿੱਚ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਪ੍ਰੀਖਿਆ ਦੇ ਸੁਚੱਜੇ ਸੰਚਾਲਨ ਲਈ ਪ੍ਰੀਖਿਆ ਕੇਂਦਰ ਦੇ ਆਲੇ ਦੁਆਲੇ ਬੀ.ਐਨ.ਐਸ.ਐਸ. ਦੀ ਧਾਰਾ 163 ਲਗਾਉਣ ਅਤੇ ਇਸਦੇ ਨਾਲ ਹੀ ਵਿਘਨ ਪਾਉਣ ਵਾਲੇ ਅਨਸਰਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ, ਟ੍ਰੈਫਿਕ ਦੀ ਵਿਵਸਥਾ ਸੁਚਾਰੂ ਬਣਾਈ ਰੱਖਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।