ਹੁਸ਼ਿਆਰਪੁਰ : ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਇੰਡੀਆ ਦੀ ਇੱਕ ਹੰਗਾਮੀ ਮੀਟਿੰਗ ਪੰਜਾਬ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕੌਮੀ ਸਕੱਤਰ ਜਨਰਲ ਵਿਨੋਦ ਕੌਸ਼ਲ,ਜੁਆਇੰਟ ਸਕੱਤਰ ਕਮ ਖਜਾਨਚੀ ਤਰਸੇਮ ਦੀਵਾਨਾ, ਵਾਈਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ, ਸੀਨੀਅਰ ਮੀਤ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਪੱਤਰਕਾਰ ਸਾਥੀ ਸ਼ਾਮਿਲ ਹੋਏ | ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿੱਚ ਪੱਤਰਕਾਰਾਂ ਖਿਲਾਫ ਦਰਜ ਕੀਤੇ ਜਾ ਰਹੇ ਝੂਠੇ ਪਰਚਿਆਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਹੁਸ਼ਿਆਰਪੁਰ ਪੁਲਿਸ ਵੱਲੋਂ ਮਾਰ ਕੁੱਟ ਦੇ ਇੱਕ ਝੂਠੇ ਮਾਮਲੇ ਵਿੱਚ ਇੱਕ ਵਿਅਕਤੀ ਵੱਲੋਂ ਕੀਤੀ ਸ਼ਿਕਾਇਤ ਨੂੰ ਅਧਾਰ ਬਣਾ ਕੇ ਲਾਪ੍ਰਵਾਹੀ ਨਾਲ ਕਾਰਵਾਈ ਕਰਦਿਆਂ ਪੱਤਰਕਾਰ ਹਰਪਾਲ ਲਾਡਾ ਅਤੇ ਉਸਦੇ ਸਾਥੀਆਂ ਖਿਲਾਫ ਬਿਨਾ ਜਾਂਚ ਪੜਤਾਲ ਕੀਤੇ ਹੀ ਐਫ ਆਈ ਆਰ ਦਰਜ ਕਰਨ ਦਾ ਸਖ਼ਤ ਨੋਟਿਸ ਲਿਆ ਗਿਆ | ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਖਿਲਾਫ ਝੂਠੇ ਪਰਚੇ ਦਰਜ ਕਰਨ ਦਾ ਰਿਕਾਰਡ ਬਣਾ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਕਈ ਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਥੇਬੰਦੀ ਵੱਲੋਂ ਭੇਜੇ ਗਏ ਮੰਗ ਪੱਤਰ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਪੱਤਰਕਾਰਾਂ ਖਿਲਾਫ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ ਦਰਜ ਕਰਵਾਈ ਸ਼ਿਕਾਇਤ ਦੀ ਉੱਚ ਪੱਧਰੀ ਜਾਂਚ ਪੜਤਾਲ ਕਰਕੇ ਯੋਗ ਅਥਾਰਿਟੀ ਤੋ ਪ੍ਰਵਾਨਗੀ ਲਈ ਜਾਵੇ ਪਰ ਇਸ ਦੇ ਬਾਵਜੂਦ ਵੀ ਪੱਤਰਕਾਰਾਂ ਖਿਲਾਫ ਝੂਠੇ ਪਰਚੇ ਦਰਜ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਹੀ ਹੁਸ਼ਿਆਰਪੁਰ ਦੇ ਇੱਕ ਪੱਤਰਕਾਰ ਹਰਪਾਲ ਲਾਡਾ ਅਤੇ ਉਸਦੇ ਸਾਥੀਆਂ ਖਿਲਾਫ ਹੁਸ਼ਿਆਰਪੁਰ ਪੁਲਿਸ ਵੱਲੋਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿੱਚ ਐਫ ਆਈ ਆਰ ਨੰਬਰ 191 02 ਅਗਸਤ 2025 ਨੂੰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸ਼ਿਕਾਇਤ ਕਰਤਾ ਵੱਲੋਂ ਗਲਤ ਢੰਗ ਨਾਲ ਆਪਣੇ ਸੱਟਾਂ ਮਰਵਾ ਕੇ ਇਹ ਸ਼ਿਕਾਇਤ ਦਰਜ ਕਰਵਾਉਣ ਲਈ ਜਿਲੇ ਤੋਂ ਬਾਹਰਲੇ ਦਲਿਤ ਆਗੂਆਂ ਤੋਂ ਹੁਸ਼ਿਆਰਪੁਰ ਬੰਦ ਕਰਵਾਉਣ ਦਾ ਡਰਾਵਾ ਦੁਆ ਕੇ ਝੂਠਾ ਕੇਸ ਕਰਨ ਦਬਾਅ ਪਾਇਆ ਗਿਆ ਹੈ। ਇਸ ਲਈ ਸੱਚ ਸਾਹਮਣੇ ਲਿਆਉਣ ਲਈ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਜਿਲਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਪੱਤਰਕਾਰ ਹਰਪਾਲ ਲਾਡਾ ਤੇ ਸਾਥੀਆਂ ਖਿਲਾਫ ਦਰਜ ਕੀਤੇ ਗਏ ਝੂਠੇ ਕੇਸ ਨੂੰ ਰੱਦ ਕੀਤਾ ਜਾਵੇ।