ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ.-ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵਿਖੇ ਸ਼ੁਰੂ ਹੋਏ ਦੋ ਸ਼ਾਰਟ-ਟਰਮ ਕੋਰਸਾਂ ਦਾ ਉਦਘਾਟਨ ਕੱਲ੍ਹ ਆਨਲਾਈਨ ਵਿਧੀ ਰਾਹੀਂ ਹੋਇਆ।
ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਨੈਕ ਅਤੇ ਆਈ. ਕਿਊ.ਏ.ਸੀ. ਕੋਆਰਡੀਨੇਟਰਾਂ ਲਈ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਅਤੇ ਕੌਮੀ ਸਿੱਖਿਆ ਨੀਤੀ ਨਾਲ਼ ਸਬੰਧਤ ਐੱਨ. ਈ. ਪੀ. ਓਰੀਏਂਟੇਸ਼ਨ ਅਤੇ ਸੰਵੇਦਨਸ਼ੀਲਤਾ ਪ੍ਰੋਗਰਾਮ ਵਿੱਚ ਦੇਸ ਦੇ ਵੱਖ-ਵੱਖ ਕੋਨਿਆਂ ਤੋਂ ਅਧਿਆਪਕ ਸ਼ਿਰਕਤ ਕਰ ਰਹੇ ਹਨ। ਉਦਘਾਟਨੀ ਸੈਸ਼ਨ ਦੌਰਾਨ ਸਵਾਗਤੀ ਭਾਸ਼ਣ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਬੰਧਤ ਕੋਆਰਡੀਨੇਟਰਾਂ ਲਈ ਇਹ ਕੋਰਸ ਅਹਿਮ ਹਦਾਇਤਾਂ ਅਤੇ ਮੁਲਾਂਕਣ ਪ੍ਰਣਾਲੀ ਤੋਂ ਜਾਣੂ ਕਰਵਾਉਂਦੇ ਹਨ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਉਦਘਾਟਨੀ ਸੈਸ਼ਨ ਲਈ ਭੇਜੇ ਆਪਣੇ ਸੰਦੇਸ਼ ਵਿੱਚ ਨੈਕ ਅਤੇ ਆਈ.ਕਿਊ.ਏ.ਸੀ. ਕੋਆਰਡੀਨੇਟਰਾਂ ਦੀ ਅਹਿਮੀਅਤ ਦੇ ਹਵਾਲੇ ਨਾਲ਼ ਗੱਲ ਕਰਦਿਆਂ ਇਨ੍ਹਾਂ ਕੋਰਸਾਂ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਨਵੇਂ ਗਿਆਨ ਨਾਲ਼ ਜੁੜੇ ਰਹਿਣ ਲਈ ਅਤੇ ਵਿਸ਼ੇਸ਼ ਤੌਰ ਉੱਤੇ ਨੈਕ ਅਤੇ ਆਈ. ਕਿਊ.ਏ.ਸੀ. ਦੇ ਕੋਆਰਡੀਨੇਟਰਾਂ ਨੂੰ ਸਬੰਧਤ ਹਦਾਇਤਾਂ ਅਤੇ ਹੋਰ ਜਾਣਕਾਰੀ ਨਾਲ਼ ਅਪਡੇਟ ਰਹਿਣ ਲਈ ਅਜਿਹੇ ਕੋਰਸ ਅਹਿਮ ਭੂਮਿਕਾ ਅਦਾ ਕਰਦੇ ਹਨ।
ਕੋਰਸ ਕੋਆਰਡੀਨੇਟਰ ਡਾ. ਰਾਕੇਸ਼ ਕੁਮਾਰ ਅਤੇ ਡਾ. ਅਜੀਤਾ ਨੇ ਕੋਰਸਾਂ ਦੌਰਾਨ ਹੋਣ ਵਾਲ਼ੇ ਵੱਖ-ਵੱਖ ਸੈਸ਼ਨਾਂ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਕੋ-ਕੋਆਰਡੀਨੇਟਰ ਡਾ. ਸਿਕੰਦਰ ਸਿੰਘ ਚੀਮਾ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ।