ਅੰਮ੍ਰਿਤਸਰ : ਭਾਜਪਾ ਪੰਜਾਬ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਅਖੌਤੀ ਸਿੱਖ ਫ਼ਾਰ ਜਸਟਿਸ (SFJ) ਵੱਲੋਂ "ਰਿਪਬਲਿਕ ਆਫ ਖ਼ਾਲਿਸਤਾਨ" ਦੇ ਨਾਮ ’ਤੇ ਫ਼ਰਜ਼ੀ ਦੂਤਾਵਾਸ ਖੋਲ੍ਹਣ ਦੇ ਦਾਅਵੇ ਨੂੰ ਸਿੱਖ ਪੰਥ ਅਤੇ ਭਾਰਤੀ ਸੰਪ੍ਰਭੂਤਾ ਉੱਤੇ ਖੁੱਲ੍ਹੀ ਚੋਟ ਕਰਾਰ ਦਿੱਤਾ ਹੈ। ਇਹ ਭਾਰਤ ਕੈਨੇਡਾ ਦੇ ਰਿਸ਼ਤਿਆਂ ਵਿੱਚ ਆ ਰਹੇ ਸੁਧਾਰ ਉੱਤੇ ਵੀ ਇੱਕ ਵੱਡੀ ਸੱਟ ਹੈ । ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ ’ਤੇ ਕੁਝ ਅਤਿਵਾਦੀ ਤੱਤਾਂ ਵੱਲੋਂ ਸਿੱਖ ਭਾਈਚਾਰੇ ਦੇ ਨਾਂ ਦੀ ਆੜ ਲੈ ਕੇ ਭਾਰਤ ਵਿਰੋਧੀ ਝੂਠਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਜਿਸਨੂੰ ਭਾਰਤੀ ਸਰਕਾਰ ਅਤੇ ਸਾਰੀ ਦੁਨੀਆ ਦੇ ਅਮਨਪਸੰਦ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਮੀਡੀਆ ਵਿੱਚ ਫੈਲਾਏ ਜਾ ਰਹੇ “ਖ਼ਾਲਿਸਤਾਨ ਦੂਤਾਵਾਸ” ਦੇ ਦਾਅਵੇ ਸੱਚਾਈ ਤੋਂ ਪਰੇ ਹਨ। ਅਸਲ ਵਿਚ ਇਹ 1984 ਤੋਂ ਚੱਲ ਰਹੀ ਉੱਤਰੀ ਅਮਰੀਕਾ ਦੀ ਸਭ ਤੋਂ ਪੁਰਾਣੀ ਭਾਰਤੀ ਮੂਲ ਦੇ ਬਜ਼ੁਰਗਾਂ ਦੀ ਇੱਕ ਸਭ ਤੋਂ ਪੁਰਾਣੇ ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਦੀ ਇਮਾਰਤ ’ਤੇ ਨਜਾਇਜ਼ ਕਬਜ਼ੇ ਦਾ ਹੈ। ਜੋ ਕਿ ਐਸ ਐਫ ਜੇ ਦੇ ਗੁਰ ਪਤਵੰਤ ਪੰਨੂ ਦੀ ਅੱਜ ਤਕ ਦੀ ਸਭ ਤੋਂ ਘਟੀਆ ਹਰਕਤ ਅਤੇ ਬਜ਼ੁਰਗਾਂ ਦੇ ਹੱਕ ਹਕੂਕ ਅਤੇ ਸੁਰੱਖਿਆ ’ਤੇ ਬੇਸ਼ਰਮੀ ਨਾਲ ਕੀਤਾ ਗਿਆ ਸਿੱਧਾ ਹਮਲਾ ਹੈ। ਇਸੇ ਲਈ ਸੁਸਾਇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਢਿੱਲੋਂ ਨੇ ਗੁਰਦੁਆਰਾ ਪ੍ਰਬੰਧਕਾਂ ਅਤੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰਕੇ ਬਜ਼ੁਰਗਾਂ ਦੇ ਸੀਨੀਅਰ ਸੈਂਟਰ ਦਾ ਬੋਰਡ ਦੁਬਾਰਾ ਲਗਾਉਣ ਅਤੇ ਖਾਲਿਸਤਾਨੀ ਬੋਰਡ ਹਟਾਉਣ ਦੀ ਮੰਗ ਕੀਤੀ ਹੈ। ਇਸ ਸੰਸਥਾ ਵਿਚ ਵੱਡੀ ਗਿਣਤੀ ਵਿੱਚ ਭਾਰਤ ਸਰਕਾਰ ਦੇ ਪੈਨਸ਼ਨਰ ਅਤੇ ਸਾਬਕਾ ਸੈਨਿਕ ਸ਼ਾਮਲ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਵਿੱਚ ਬਰਾਬਰੀ, ਸਨਮਾਨ ਅਤੇ ਸੇਵਾ ਹੈ। ਪਰ ਇਹ ਕਿਹੋ ਜਿਹੀ ਸਿੱਖੀ ਹੈ ਕਿ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਪੰਨੂ ਐਡ ਗਿਰੋਹ ਸਤਿਕਾਰਤ ਬਜ਼ੁਰਗਾਂ ਦੀ ਸੰਸਥਾ ਦੀ ਇਮਾਰਤ ਉੱਤੇ ਜ਼ਬਰਦਸਤੀ ਬੋਰਡ ਲਗਾਉਂਦਿਆਂ ਬਜ਼ੁਰਗਾਂ ਨੂੰ ਬੇਦਖ਼ਲ ਕਰਕੇ ਨਜਾਇਜ਼ ਕਬਜ਼ਾ ਜਮਾ ਰਹੇ ਹਨ? ਇਹ ਘਟਨਾ ਨਾ ਸਿਰਫ਼ ਉਨ੍ਹਾਂ ਬਜ਼ੁਰਗਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਛਵੀ ਨੂੰ ਵੀ ਖ਼ਰਾਬ ਕਰਦੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੰਨੂ ਅਤੇ ਖਾਲਿਸਤਾਨੀਆਂ ਦਾ ਸਿੱਖੀ ਸਿਧਾਂਤਾਂ ਅਤੇ ਸਿੱਖਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਕੋਈ ਵੀ ਦਸ ਸਕਦਾ ਹੈ ਕਿ ਪੰਨੂ ਵੱਲੋਂ ਅਮਰੀਕਾ ਤੋਂ ਭਾਰਤੀ ਮਾਲ ’ਤੇ 500 ਫ਼ੀਸਦੀ ਟੈਰਿਫ਼ ਲਾਉਣ ਦੀ ਕੀਤੀ ਗਈ ਮੰਗ ਨਾਲ ਪੰਜਾਬੀਆਂ ਤੇ ਸਿੱਖਾਂ ਨੂੰ ਫ਼ਾਇਦਾ ਹੋਵੇਗਾ ਜਾਂ ਨੁਕਸਾਨ? ਏਅਰ ਇੰਡੀਆ ਨੂੰ ਉਡਾਉਣ ਦੀ ਜਿੱਥੇ ਪੰਨੂ ਨੇ ਧਮਕੀ ਦਿੱਤੀ ਹੈ ਤਾਂ ਕੀ ਉਸ ਵਿੱਚ ਪੰਜਾਬੀ ਅਤੇ ਸਿੱਖ ਸਵਾਰ ਨਹੀਂ ਹੁੰਦੇ ਹਨ? ਪੰਜਾਬ ਦੇ ਲੋਕਾਂ ਦੇ ਬੱਚਿਆਂ ਦੀ ਗੱਲ ਕਰਨ ਵਾਲਾ ਪੰਨੂ ਤੇ ਸਾਥੀ ਜਦੋਂ ਬੇੜੀਆਂ ਨਾਲ ਬੰਨ੍ਹ ਕੇ ਸਾਡੇ ਬੱਚੇ ਵਿਦੇਸ਼ਾਂ ਤੋਂ ਵਾਪਸ ਭੇਜੇ ਜਾ ਰਹੇ ਸਨ ਉਦੋਂ ਚੁੱਪ ਕਿਉਂ ਰਹੇ? ਅੱਜ ਅਮਰੀਕਾ ਵਿੱਚ ਅੰਗਰੇਜ਼ੀ ਨਾ ਜਾਣਨ ਵਾਲੇ ਪੰਜਾਬੀ ਬੱਚਿਆਂ ਦੇ ਡਰਾਈਵਰ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ ਤਾਂ ਵੀ ਪੰਨੂ ਚੁੱਪ ਕਿਉਂ ਹੈ? ਅੱਤ ਦਰਜੇ ਦੀ ਘਟੀਆ ਗੱਲ ਤਾਂ ਉਹਨਾਂ ਉਸ ਵੇਲੇ ਕੀਤੀ ਜਦੋਂ ਜੀ7 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਸਮੇਂ ਮਾਸੂਮ ਸਿੱਖ ਬੱਚਿਆਂ ਤੋਂ ਨਰਿੰਦਰ ਮੋਦੀ ਦੀ ਤਸਵੀਰ ਦਾ ਨਿਰਾਦਰ ਕਰਵਾਇਆ ਗਿਆ ਅਤੇ ਨਾਲ ਹੀ ਰਾਸ਼ਟਰੀ ਝੰਡੇ ਦਾ ਵੀ ਅਪਮਾਨ ਕੀਤਾ ਗਿਆ, ਜਿਸ ਵਿੱਚ ਕੇਸਰੀ ਨਿਸ਼ਾਨ ਜਿਸ ਬਾਰੇ ਸਿੱਖ ਸਭ ਤੋਂ ਵੱਧ ਸਨਮਾਨ ਕਰਦੇ ਹਨ, ਅਤੇ ਕੇਸਰੀ ਰੰਗ ਦੇ ਕੱਪੜੇ ਨੂੰ ਜਿੱਥੇ ਸਿੱਖ ਆਪਣੇ ਕੇਸਾਂ ਉੱਤੇ ਸਜਾਉਂਦੇ ਹਨ ਉੱਥੇ ਇਸ ਕੇਸਰੀ ਰੰਗ ਦੇ ਕੱਪੜੇ ਨੂੰ ਤੇੜ ਬੰਨ੍ਹਣਾ ਵੀ ਗੁਨਾਹ ਸਮਝਿਆ ਜਾਂਦਾ ਹੋਵੇ ਉਸ ਨੂੰ ਪੈਰਾਂ ਥੱਲੇ ਮਧੋਲ਼ ਕੇ ਪੰਨੂ ਅਤੇ ਸਾਥੀਆਂ ਨੇ ਕਿਸ ਸਿੱਖੀ ਦੀ ਸੇਵਾ ਕੀਤੀ ਹੈ?
ਪ੍ਰੋ. ਖਿਆਲਾ ਨੇ ਚੇਤਾਵਨੀ ਦਿੱਤੀ ਕਿ ਜੇ ਕੈਨੇਡਾ ਸਰਕਾਰ ਅਜਿਹੀਆਂ ਗ਼ੈਰਕਨੂੰਨੀ ਕਾਰਵਾਈਆਂ ’ਤੇ ਤੁਰੰਤ ਰੋਕਥਾਮ ਨਹੀਂ ਕਰਦੀ, ਤਾਂ ਇਹ ਸਮਾਜ ਵਿੱਚ ਵੰਡ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਹੋਰ ਹਿੰਮਤ ਦੇਵੇਗੀ। ਉਨ੍ਹਾਂ ਕਿਹਾ ਕਿ ਪੰਨੂ ਦੀ ਹਰਕਤ ਨੇ ਪਿਛਲੇ ਦਿਨੀਂ ਕੈਨੇਡਾ ਦੀ ਖ਼ੁਫ਼ੀਆ ਏਜੰਸੀ ਸੀਐਸਆਈਐਸ ਵੱਲੋਂ ਕੀਤੇ ਗਏ ਇਸ ਖ਼ੁਲਾਸੇ ਨੂੰ ਹਕੀਕਤ ਬਣਾ ਦਿੱਤਾ ਹੈ, ਜਿਸ ਵਿਚ ਕੈਨੇਡਾ ਦੀ ਧਰਤੀ ਨੂੰ ਖਾਲਿਸਤਾਨੀ ਕਾਰਕੁਨਾਂ ਵੱਲੋਂ ਭਾਰਤ ਵਿਰੋਧੀ ਗਤੀਵਿਧੀਆਂ ਪੈਸਾ ਇਕੱਠਾ ਕਰਨ ਅਤੇ ਯੋਜਨਾ ਬਣਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਹੋਣ ਦੀ ਗਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕੈਨੇਡਾ ਅਸਲ ਵਿੱਚ ਖਾਲਿਸਤਾਨੀ ਕੱਟੜਪੰਥੀ ਅਤੇ ਭਾਰਤ ਤੋਂ ਭੱਜੇ ਗੈਂਗਸਟਰਾਂ ਲਈ ਪਨਾਹਗਾਹ ਬਣ ਗਿਆ ਹੈ। ਇਹ ਕੈਨੇਡਾ ਲਈ ਖ਼ਤਰੇ ਦੀ ਘੰਟੀ ਹੈ ਜੋ ਅੱਗੇ ਚੱਲ ਕੇ ਕੈਨੇਡਾ ਲਈ ਮੁਸੀਬਤ ਲਿਆਵੇਗੀ।
ਪ੍ਰੋ. ਖਿਆਲਾ ਨੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਤੋਂ ਅਪੀਲ ਕੀਤੀ ਕਿ ਕੈਨੇਡਾ ਸਰਕਾਰ ਕੋਲੋਂ ਇਸ ਅੰਬੈਸੀ ਘਟਨਾ ’ਤੇ ਤੁਰੰਤ ਸਪਸ਼ਟੀਕਰਨ ਲਿਆ ਜਾਵੇ ਅਤੇ ਸੀਨੀਅਰ ਸੈਂਟਰ ਦੀ ਇਮਾਰਤ ਨਾਲ ਛੇੜਛਾੜ ਕਰਨ ਵਾਲਿਆਂ ’ਤੇ ਕਾਰਵਾਈ ਦੀ ਮੰਗ ਕੀਤੀ ਜਾਵੇ। ਨਾਲ ਹੀ ਉਨ੍ਹਾਂ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ ਬਜ਼ੁਰਗਾਂ ਦੀ ਸੁਰੱਖਿਆ ਅਤੇ ਸਨਮਾਨ ਯਕੀਨੀ ਬਣਾਇਆ ਦੀ ਵੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਗੁਰ ਪਤਵੰਤ ਸਿੰਘ ਪੰਨੂ ਜ਼ਹਿਰ ਉਗਲ ਕੇ ਭਾਰਤ ਦੀ ਖੇਤਰੀ ਅਖੰਡਤਾ ਦਾ ਵਿਰੋਧ ਆਈ ਐਸ ਆਈ ਦੇ ਇਸ਼ਾਰਿਆਂ ’ਤੇ ਕਰ ਰਿਹਾ ਹੈ। ਖ਼ਾਲਿਸਤਾਨ ਦਾ ਫ਼ਰਜ਼ੀ ਦਫ਼ਤਰ ਭਾਰਤੀ ਰਾਜਨੀਤੀ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖ਼ਰਾਬ ਕਰਨ ਲਈ ਅੰਤਰਰਾਸ਼ਟਰੀ ਪੱਧਰ ’ਤੇ ਝੂਠਾ ਨੈਰੇਟਿਵਜ਼ ਖੜ੍ਹਾ ਕਰਨ ਦੀ ਕੋਸ਼ਿਸ਼ ਹੈ। ਜਿਸ ਦੀ ਕੋਈ ਕਾਨੂੰਨੀ ਦਰਜਾ ਨਹੀਂ, ਕਿਸੇ ਵੀ ਦੇਸ਼ ਦੀ ਸਰਕਾਰ ਨੇ "ਖ਼ਾਲਿਸਤਾਨ" ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ। ਇਹ ਸਾਰੇ ਦਾਅਵੇ ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਬੇਬੁਨਿਆਦ ਹਨ। ਜੋ ਵਿਦੇਸ਼ਾਂ ਵਿੱਚ ਰਹਿੰਦੇ ਕੁਝ ਭੋਲੇ ਭਾਲੇ ਸਿੱਖਾਂ ਦੀ ਭਾਵਨਾਵਾਂ ਨਾਲ ਖੇਡ ਕੇ ਉਹਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੈ। ।
ਪ੍ਰੋ. ਖਿਆਲਾ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਪੰਨੂ ਵਰਗੇ ਲੋਕ ਭਾਰਤ ਖਿਲਾਫ ਗ਼ਲਤ ਬਿਰਤਾਂਤ ਸਿਰਜ ਕੇ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ, ਅਜਿਹੇ ਲੋਕਾਂ ਦੀ ਜਾਲ ਵਿੱਚ ਨਾ ਫਸਣ ਅਤੇ ਬਜ਼ੁਰਗਾਂ ਦੇ ਸਨਮਾਨ ਦੀ ਰੱਖਿਆ ਲਈ ਇਕੱਠੇ ਹੋਣ । ਉਨ੍ਹਾਂ ਕਿਹਾ ਕਿ "ਸੱਚ, ਇਨਸਾਫ਼ ਅਤੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨਾਲ ਹੀ ਸਿੱਖ ਕੌਮ ਦੀ ਸ਼ਾਨ ਉੱਚੀ ਰਹੇਗੀ। ਅਜਿਹੀਆਂ ਛਲੀਆ ਕੋਸ਼ਿਸ਼ਾਂ ਨੂੰ ਪੰਥ ਅਤੇ ਪੰਜਾਬ ਦੇ ਸਿਆਣੇ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ।"