ਦੋਸ਼ੀ ਸੁਮਿਤ ਬਿਸ਼ਨੋਈ ਪੁਲਿਸ ਦੀ ਜੁਆਬੀ ਗੋਲੀਬਾਰੀ ਵਿੱਚ ਜ਼ਖਮੀ : ਰਾਜਸਥਾਨ ਪੁਲਿਸ ਦਾ 50000 ਰੁਪਏ ਦਾ ਇਨਾਮੀ ਅਪਰਾਧੀ
ਡੇਰਾਬੱਸੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਡੀ.ਜੀ.ਪੀ. ਗੌਰਵ ਯਾਦਵ ਅਤੇ ਡੀ.ਆਈ.ਜੀ. ਰੋਪੜ ਰੇਂਜ, ਹਰਚਰਨ ਸਿੰਘ ਭੁੱਲਰ ਦੇ ਨਿਰਦੇਸ਼ਾਂ 'ਤੇ ਸੰਗਠਿਤ ਅਪਰਾਧ ਅਤੇ ਖਤਰਨਾਕ ਅਤੇ ਲੋੜੀਂਦੇ ਅਪਰਾਧੀਆਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਐਸ.ਏ.ਐਸ. ਨਗਰ ਪੁਲਿਸ ਨੇ ਐਂਟੀ-ਗੈਂਗਸਟਰ ਟਾਸਕ ਫੋਰਸ, ਪੰਜਾਬ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਡੇਰਾਬੱਸੀ ਵਿੱਚ ਗੁਲਾਬਗੜ੍ਹ ਰੋਡ 'ਤੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਐਸ.ਏ.ਐਸ. ਨਗਰ ਦੇ ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦਿੱਤੀ।
ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਐਸ.ਏ.ਐਸ. ਨਗਰ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਅਪਰਾਧੀਆਂ ਦੀ ਪਛਾਣ ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਪਿੰਡ ਲੱਖਾਸਰ ਦੇ ਰਹਿਣ ਵਾਲੇ ਸੁਮਿਤ ਬਿਸ਼ਨੋਈ ਅਤੇ ਜ਼ਿਲ੍ਹਾ ਸੋਨੀਪਤ ਦੇ ਪਿੰਡ ਸਾਰਾਗਥਲ ਦੇ ਰਹਿਣ ਵਾਲੇ ਪੰਕਜ ਮਲਿਕ ਵਜੋਂ ਹੋਈ ਹੈ। ਐਸ ਐਸ ਪੀ ਨੇ ਦੱਸਿਆ, "18 ਮਈ, 2025 ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਲੱਖਾਸਰ ਵਿਖੇ ਮਹਾਂਵੀਰ ਸਿਹਾਗ ਦੇ ਸਨਸਨੀਖੇਜ਼ ਕਤਲ ਵਿੱਚ ਦੋਸ਼ੀ ਸੁਮਿਤ ਬਿਸ਼ਨੋਈ ਨੂੰ ਲੋੜੀਂਦਾ ਘੋਸ਼ਿਤ ਕੀਤਾ ਗਿਆ ਸੀ। ਇਸ ਸਬੰਧ ਵਿੱਚ ਐਫਆਈਆਰ ਨੰਬਰ 112/2025 ਅਧੀਨ ਧਾਰਾ 103(1),3(5) ਬੀ ਐਨ ਐਸ, 27 ਆਰਮਜ਼ ਐਕਟ ਥਾਣਾ ਗੋਲੂ ਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਵਿਖੇ ਦਰਜ ਕੀਤੀ ਗਈ ਸੀ ਅਤੇ ਇੰਸਪੈਕਟਰ ਜਨਰਲ (ਆਈ ਜੀ) ਬੀਕਾਨੇਰ ਰੇਂਜ ਨੇ ਉਸਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 50,000 ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ।"
ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਐਸ ਐਸ ਪੀ ਨੇ ਦੱਸਿਆ ਕਿ ਡੇਰਾਬੱਸੀ ਖੇਤਰ ਵਿੱਚ ਸੁਮਿਤ ਬਿਸ਼ਨੋਈ ਦੀ ਮੌਜੂਦਗੀ ਬਾਰੇ ਅੱਜ ਸਵੇਰੇ ਇੱਕ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ, "ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਅਪ੍ਰੇਸ਼ਨ ਦੀ ਯੋਜਨਾ ਬਣਾਈ ਗਈ ਅਤੇ ਏ ਜੀ ਟੀ ਐਫ਼ ਪੰਜਾਬ ਅਤੇ ਐਸ ਏ ਐਸ ਨਗਰ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਉਸਨੂੰ ਉਸਦੇ ਸਾਥੀ ਪੰਕਜ ਸਮੇਤ ਗੁਲਾਬਗੜ੍ਹ ਰੋਡ, ਡੇਰਾਬੱਸੀ 'ਤੇ ਸਥਿਤ ਇੱਕ ਪੀ ਜੀ ਵਿੱਚੋਂ ਲੱਭ ਲਿਆ। ਹਾਲਾਂਕਿ, ਜਦੋਂ ਟੀਮ ਨੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਗੋਲੀਬਾਰੀ ਕਰ ਦਿੱਤੀ। ਜੁਆਬੀ ਗੋਲੀਬਾਰੀ ਵਿੱਚ, ਸੁਮਿਤ ਦੀ ਖੱਬੀ ਲੱਤ ਵਿੱਚ ਸੱਟ ਲੱਗ ਗਈ, ਜਦੋਂ ਕਿ ਦੋਸ਼ੀ ਤੋਂ ਇੱਕ .32 ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।"
ਐਸ ਐਸ ਪੀ ਨੇ ਅੱਗੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਦੇਸ਼ੀ ਗੈਂਗਸਟਰ ਆਰਜ਼ੂ ਬਿਸ਼ਨੋਈ ਮੁਲਜ਼ਮਾਂ ਨੂੰ ਹੈਂਡਲ ਕਰ ਰਿਹਾ ਸੀ। "ਆਰਜ਼ੂ ਦੇ ਨਿਰਦੇਸ਼ਾਂ 'ਤੇ, ਸੁਮਿਤ ਮਹਾਵੀਰ ਸਿਹਾਗ ਦੇ ਕਤਲ ਵਿੱਚ ਇੱਕ ਸ਼ੂਟਰ ਵਜੋਂ ਸ਼ਾਮਲ ਸੀ ਜਦੋਂ ਕਿ ਪੰਕਜ ਬਾਕੀ ਕੰਮਾਂ ਲਈ ਮੱਦਦ ਕਰ ਰਿਹਾ ਸੀ। ਐਸ ਐਸ ਪੀ ਨੇ ਅੱਗੇ ਦੱਸਿਆ, "ਉਹ ਪਿਛਲੇ ਕੁਝ ਦਿਨਾਂ ਤੋਂ ਪੀ ਜੀ ਵਿੱਚ ਵਿਸ਼ਾਲ ਨਾਮ ਦੀ ਜਾਅਲੀ ਆਈ ਡੀ 'ਤੇ ਰਹਿ ਰਹੇ ਸਨ।"
ਉਨ੍ਹਾਂ ਕਿਹਾ ਕਿ ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੀ ਅਤੇ ਹੋਰ ਜਾਂਚ ਜਾਰੀ ਹੈ।