ਖਰੜ : ਵਿਧਾਇਕ ਅਨਮੋਲ ਗਗਨ ਮਾਨ ਨੇ ਅੱਜ ਨਿਊ ਸਨੀ ਐਨਕਲੇਵ ਜੰਡਪੁਰ ਸੜਕ 'ਤੇ 22.15 ਕਰੋੜ ਰੁਪਏ ਦੇ ਨਹਿਰੀ ਜਲ ਸਪਲਾਈ ਪ੍ਰੋਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਾਨ ਨੇ ਕਿਹਾ ਕਿ ਕਜੌਲੀ ਤੋਂ ਨਹਿਰੀ ਜਲ ਸਪਲਾਈ ਪ੍ਰਦਾਨ ਕਰਨ ਦੀ ਵਚਨਬੱਧਤਾ ਅੱਜ ਪਾਈਪਲਾਈਨਾਂ ਵਿਛਾਉਣ ਦੇ ਕੰਮ ਦੀ ਸ਼ੁਰੂਆਤ ਨਾਲ ਪੂਰੀ ਹੋਈ ਹੈ ਅਤੇ ਇਹ ਕਾਰਜ ਸਤੰਬਰ 2026 ਤੱਕ ਪੂਰਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਪਹਿਲਾ ਪੜਾਅ ਖਰੜ ਦੇ ਝੁੰਗੀਆਂ, ਮੰਡੇਰ ਨਗਰ, ਹਰਲਾਲਪੁਰ, ਜੰਡਪੁਰ ਅਤੇ ਚੰਡੀਗੜ੍ਹ ਰੋਡ ਖੇਤਰਾਂ ਨੂੰ ਪੂਰਾ ਕਰੇਗਾ। ਪਹਿਲੇ ਪੜਾਅ ਦੇ ਪੂਰਾ ਹੋਣ ਤੋਂ ਬਾਅਦ, ਖਰੜ ਸ਼ਹਿਰ ਦੇ ਬਾਕੀ ਖੇਤਰ ਨੂੰ ਕਵਰ ਕੀਤਾ ਜਾਵੇਗਾ। ਸਮੁੱਚੇ ਖਰੜ ਸ਼ਹਿਰ ਲਈ ਇਹ ਪ੍ਰੋਜੈਕਟ 150 ਕਰੋੜ ਰੁਪਏ ਦੀ ਲਾਗਤ ਨਾਲ ਉਲੀਕਿਆ ਗਿਆ ਹੈ, ਜੋ ਕਿ ਪੜਾਅ ਵਾਰ ਪੂਰਾ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ, ਪਾਣੀ ਦੀ ਸਪਲਾਈ ਮੌਜੂਦਾ 'ਗਮਾਡਾ ਕਲੀਅਰ ਪਾਈਪਲਾਈਨ, ਸਿੰਘਪੁਰ' ਤੋਂ ਕਜੌਲੀ ਤੋਂ ਮੋਹਾਲੀ ਖੇਤਰ ਨੂੰ ਨਹਿਰੀ ਪਾਣੀ ਪ੍ਰਦਾਨ ਕਰਦੀ ਲਾਈਨ ਤੋਂ ਪ੍ਰਾਪਤ ਕੀਤੀ ਜਾਵੇਗੀ। ਇਹ ਪਾਣੀ ਜੰਡਪੁਰ ਵਿਖੇ ਕਮਿਊਨਿਟੀ ਸੈਂਟਰ ਨੇੜੇ ਇੱਕ ਪਾਈਪਲਾਈਨ ਰਾਹੀਂ 54 ਲੱਖ ਲੀਟਰ ਸਮਰੱਥਾ ਵਾਲੇ ਅੰਡਰਗਰਾਊਂਡ ਸਰਵਿਸ ਰਿਜ਼ਰਵਾਇਰ ਨੂੰ ਸਪਲਾਈ ਕੀਤਾ ਜਾਵੇਗਾ। ਪਹਿਲੇ ਪੜਾਅ ਅਧੀਨ ਆਉਣ ਵਾਲੇ ਬਾਕੀ ਖੇਤਰਾਂ ਨੂੰ ਸਹੀ ਸਪਲਾਈ ਬਣਾਈ ਰੱਖਣ ਲਈ ਜੰਡਪੁਰ ਵਿਖੇ ਕਮਿਊਨਿਟੀ ਸੈਂਟਰ ਅਤੇ ਮੰਡੇਰ ਨਗਰ ਵਿਖੇ ਕ੍ਰਮਵਾਰ 18 ਲੱਖ ਲੀਟਰ ਅਤੇ 9 ਲੱਖ ਲੀਟਰ ਸਮਰੱਥਾ ਵਾਲੇ ਦੋ ਓਵਰਹੈੱਡ ਵਾਟਰ ਟੈਂਕ ਬਣਾਏ ਜਾਣਗੇ।
ਵਿਧਾਇਕ ਮਾਨ ਨੇ ਅੱਗੇ ਕਿਹਾ ਕਿ ਪਹਿਲੇ ਪੜਾਅ ਵਿੱਚ ਕੰਮ ਪੂਰਾ ਕਰਨ ਲਈ ਡੀਆਈ ਪਾਈਪਾਂ ਦੀ ਕੁੱਲ 8.1 ਕਿਲੋਮੀਟਰ ਸਪਲਾਈ ਲਾਈਨ ਵਿਛਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਆਪਣੇ ਵੋਟਰਾਂ ਨਾਲ ਕੀਤਾ ਗਿਆ ਪ੍ਰਮੁੱਖ ਵਾਅਦਾ ਸੀ ਅਤੇ ਉਹ ਖਰੜ ਦੇ ਵਸਨੀਕਾਂ ਨਾਲ ਆਪਣਾ ਵਾਅਦਾ ਪੂਰਾ ਕਰਨ ਤੇ ਬਹੁਤ ਖੁਸ਼ ਹਨ।
ਉਨ੍ਹਾਂ ਕਿਹਾ ਕਿ ਸੀਵਰੇਜ ਲਾਈਨ ਅਤੇ ਪਾਣੀ ਦੀ ਸਪਲਾਈ ਸਮੇਤ ਸਾਰੀਆਂ ਪ੍ਰਮੁੱਖ ਮੰਗਾਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਮੁਸ਼ਕਿਲਾਂ ਦੇ ਨਿਪਟਾਰੇ ਲਈ ਜ਼ੋਰ ਦੇਣਗੇ।
ਇਸ ਮੌਕੇ ਮੌਜੂਦ ਪ੍ਰਮੁੱਖ ਵਿਅਕਤੀਆਂ ਵਿੱਚ ਨਗਰ ਕੌਂਸਲ ਪ੍ਰਧਾਨ ਅੰਜੂ ਚੰਦਰ ਅਤੇ ਕੌਂਸਲਰ, ਨਿਗਰਾਨ ਇੰਜੀਨੀਅਰ, ਜਲ ਸਪਲਾਈ ਤੇ ਸੀਵਰੇਜ ਬੋਰਡ ਗੁਰਦੇਸ਼ ਪਾਲ ਸਿੰਘ, ਐਸ ਡੀ ਓ ਦੀਪਕ ਕੁਮਾਰ ਅਤੇ ਹੋਰ ਪਤਵੰਤੇ ਸ਼ਾਮਲ ਸਨ।