ਚੰਡੀਗੜ੍ਹ : ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਵਿਰਾਸਤ ਦਾ ਸਨਮਾਨ ਕਰਨ ਵੱਲ ਇੱਕ ਦ੍ਰਿੜ ਕਦਮ ਚੁੱਕਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਸੁਤੰਤਰਤਾ ਸੰਗਰਾਮੀ ਵਿਭਾਗ ਨੂੰ ’ਫਰੀਡਮ ਫਾਈਟਰਜ਼, ਉੱਤਰਾਅਧਿਕਾਰੀ ਸੰਸਥਾ’ ਦੁਆਰਾ ਉਠਾਈਆਂ ਗਈਆਂ ਸਾਰੀਆਂ ਜਾਇਜ਼ ਮੰਗਾਂ ਦੇ ਹੱਲ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦੀ ਅੰਦੋਲਨ ਦੌਰਾਨ ਕੀਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਦਾ ਹਮੇਸ਼ਾਂ ਰਿਣੀ ਅਤੇ ਪੰਜਾਬ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵਾਰਸਾਂ ਦੇ ਸਨਮਾਨ ਨੂੰ ਕਾਇਮ ਰੱਖਣ ਪ੍ਰਤੀ ਵਚਨਬੱਧ ਹੈ। ’ਫਰੀਡਮ ਫਾਈਟਰਜ਼, ਉੱਤਰਾਅਧਿਕਾਰੀ ਸੰਸਥਾ, ਪੰਜਾਬ’ ਦੇ ਨੁਮਾਇੰਦਿਆਂ ਨਾਲ ਪੰਜਾਬ ਸਿਵਲ ਸਕੱਤਰੇਤ ਵਿੱਚ ਆਪਣੇ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਦੁਆਰਾ ਉਠਾਏ ਗਏ ਵੱਖ-ਵੱਖ ਮੁੱਦਿਆਂ 'ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਦੇ ਮੁੱਦਿਆਂ ਦੀ ਭਾਵਨਾਤਮਕ ਅਤੇ ਇਤਿਹਾਸਕ ਮਹੱਤਤਾ ਨੂੰ ਪਛਾਣਦੇ ਹੋਏ, ਵਿੱਤ ਮੰਤਰੀ ਨੇ ਵਿਸ਼ੇਸ਼ ਮੁੱਖ ਸਕੱਤਰ, ਸੁਤੰਤਰਤਾ ਸੰਗਰਾਮੀ ਵਿਭਾਗ, ਰਾਜੀ ਪੀ. ਸ਼੍ਰੀਵਾਸਤਵ ਨੂੰ ਸੰਸਥਾ ਦੀਆਂ ਸਾਰੀਆਂ ਜਾਇਜ਼ ਮੰਗਾਂ ਦੇ ਸਮੇਂ ਸਿਰ ਅਤੇ ਪਾਰਦਰਸ਼ੀ ਹੱਲ ਨੂੰ ਯਕੀਨੀ ਬਣਾਉਂਦੇ ਹੋਏ ਨਿਵਾਰਣ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਨਾਲ ਨਾ ਸਿਰਫ਼ ਭਾਵਨਾਤਮਕ ਤੌਰ ‘ਤੇ ਸਗੋਂ ਹਕੀਕੀ ਤੌਰ ‘ਤੇ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੇ ਹਿੰਮਤ ਅਤੇ ਦ੍ਰਿੜ੍ਹਤਾ ਨਾਲ ਸਾਡੇ ਦੇਸ਼ ਦੀ ਨੀਂਹ ਰੱਖੀ ਸੀ, ਅਤੇ ਨਿਆਂ ਤੇ ਸਨਮਾਨ ਨਾਲ ਉਸ ਵਿਰਾਸਤ ਦਾ ਸਨਮਾਨ ਕਰਨਾ ਸਾਡਾ ਫ਼ਰਜ਼ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਜ਼ੋਰ ਦਿੱਤਾ ਕਿ ਪੰਜਾਬ ਦੇ ਵਿਕਾਸ ਦੇ ਬਿਰਤਾਂਤ ਵਿੱਚ ਉਨ੍ਹਾਂ ਦੇ ਸਹੀ ਸਥਾਨ ਨੂੰ ਪਛਾਣਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੀਟਿੰਗ ਦੇ ਅੰਤ ਵਿੱਚ ’ਫਰੀਡਮ ਫਾਈਟਰਜ਼, ਉੱਤਰਾਅਧਿਕਾਰੀ ਸੰਸਥਾ, ਪੰਜਾਬ’ ਦੇ ਨੁਮਾਇੰਦਿਆਂ ਨੂੰ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਹਿਯੋਗ ਅਤੇ ਜਵਾਬਦੇਹੀ ਦਾ ਭਰੋਸਾ ਦਿੰਦਿਆਂ ਉਨ੍ਹਾਂ ਲੋਕਾਂ ਦੇ ਜੀਵਨ ਵਿੱਚ ਸਥਾਈ ਪ੍ਰਭਾਵ ਪੈਦਾ ਕਰਨ ਲਈ ਸਹਿਯੋਗੀ ਯਤਨਾਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ ਜੋ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਵਿਰਾਸਤ ਨੂੰ ਅੱਗੇ ਲਿਜਾ ਰਹੇ ਹਨ। ਮੀਟਿੰਗ ਦੌਰਾਨ ’ਫਰੀਡਮ ਫਾਈਟਰਜ਼, ਉੱਤਰਾਅਧਿਕਾਰੀ ਸੰਸਥਾ, ਪੰਜਾਬ’ ਦੀ ਨੁਮਾਇੰਦਗੀ ਕਰਦਿਆਂ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਮਾਨਸਾ, ਜਨਰਲ ਸਕੱਤਰ ਰਵਿੰਦਰ ਸਿੰਘ ਨੰਗਲਾ ਬਠਿੰਡਾ ਅਤੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਬਰਨਾਲਾ ਵੱਲੋਂ ਸੰਸਥਾ ਦੀਆਂ ਮੰਗਾਂ ਅਤੇ ਮੁੱਦੇ ਪੇਸ਼ ਕੀਤੇ ਗਏ।