ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਗਰਭਵਤੀ ਔਰਤਾਂ ਨੂੰ ਜਾਂਚ ਅਤੇ ਇਲਾਜ ਦੀਆਂ ਸਾਰੀਆਂ ਸਹੂਲਤਾਂ ਬਿਲਕੁਲ ਮੁਫ਼ਤ ਦਿਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਸਰਕਾਰ ਵਲੋਂ ਔਰਤਾਂ ਨੂੰ ਗਰਭ ਠਹਿਰਣ ਤੋਂ ਲੈ ਕੇ ਜਣੇਪੇ ਤਕ ਸਾਰੀਆਂ ਸਹੂਲਤਾਂ ਬਿਲਕੁਲ ਮੁਫ਼ਤ ਦਿਤੀਆਂ ਜਾਂਦੀਆਂ ਹਨ ਅਤੇ ਸੰਸਥਾਗਤ ਜਣੇਪਾ ਕਰਾਉਣ ਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਮਾਲੀ ਸਹਾਇਤਾ ਵੀ ਦਿਤੀ ਜਾਂਦੀ ਹੈ।ਮੁਫ਼ਤ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਵਿਚ ਜਾਂਚ ਅਤੇ ਦਵਾਈਆਂ, ਇਕ ਸਾਲ ਤਕ ਬੱਚੇ ਦਾ ਇਲਾਜ, ਬਲੱਡ ਦੀ ਸਹੂਲਤ, ਅਲਟਰਾਸਾਊਂਡ, ਲੈਬ ਟੈਸਟ, ਖਾਣ-ਪੀਣ ਦੀ ਸਹੂਲਤ, ਸਿਹਤ ਸੰਸਥਾਵਾਂ ਤਕ ਆਉਣ-ਜਾਣ ਲਈ ਟਰਾਂਸਪੋਰਟ ਆਦਿ ਸ਼ਾਮਲ ਹਨ।
ਇਸੇ ਦੌਰਾਨ ਜ਼ਿਲ੍ਹੇ ਦੇ ਸੀਨੀਅਰ ਸਿਹਤ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਦੌਰਾਨ ਡਾ. ਜੈਨ ਨੇ ਹਦਾਇਤਾਂ ਦਿਤੀਆਂ ਕਿ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਅਤੇ ਲੋੜੀਂਦੀ ਦੇਖਭਾਲ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਗਰਭ ਅਵਸਥਾ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਤਰ੍ਹਾਂ ਜਣੇਪੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ। ਤਮਾਮ ਗਰਭਵਤੀ ਔਰਤਾਂ ਦਾ ਜਲਦ ਤੋਂ ਜਲਦ ਪੰਜੀਕਰਣ ਕੀਤਾ ਜਾਵੇ ਅਤੇ ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਦਾ ਖ਼ਾਸ ਧਿਆਨ ਰਖਿਆ ਜਾਵੇ ਤਾਕਿ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਈ ਜਾ ਸਕੇ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੇ ਪ੍ਰਮੁੱਖ ਉਦੇਸ਼ਾਂ ਵਿੱਚੋਂ ਇੱਕ ਮਾਤਰੀ ਮੌਤ ਦਰ ਨੂੰ ਘਟਾਉਣਾ ਵੀ ਹੈ। ਇਸ ਲਈ ਲੋਕਾਂ ਨੂੰ ਬਿਹਤਰ ਜੱਚਾ-ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਡਾ. ਸੰਗੀਤਾ ਜੈਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਗਰਭਵਤੀ ਔਰਤਾਂ ਦਾ ਮਾਹਰ ਡਾਕਟਰ ਕੋਲੋਂ ਸਰਕਾਰੀ ਹਸਪਤਾਲਾਂ ਵਿਚ ਹੀ ਚੈਕਅੱਪ ਕਰਵਾਇਆ ਜਾਵੇ ਕਿਉਂਕਿ ਸਪੈਸ਼ਲਿਸਟ ਡਾਕਟਰ ਜ਼ਿਆਦਾ ਗਿਆਨਵਾਨ ਹੁੰਦੇ ਹਨ। ਅਜਿਹੇ ਵਿਅਕਤੀ ਜਿਨ੍ਹਾਂ ਕੋਲ ਗਰਭਵਤੀ ਮਾਵਾਂ ਦੀ ਜਾਂਚ ਸਬੰਧੀ ਮੁਹਾਰਤ ਹਾਸਲ ਨਹੀਂ ਹੈ, ਉਨ੍ਹਾਂ ਕੋਲ ਜਾਣ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।