ਜਾਗਰੂਕਤਾ ਵਧਾਉਣ, ਬਿਹਤਰ ਖੁਰਾਕ ਬਦਲ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖ ਵਿੱਚ ਪ੍ਰਜਣਨ ਸੰਭਾਵਨਾਵਾਂ ਨੂੰ ਸੁਧਾਰਨ ਦੀ ਵਕਾਲਤ ਕਰਦਾ ਹੈ ਅਧਿਐਨ
ਮਨੋਵਿਗਿਆਨਕ ਸਹਾਇਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਸੰਯੁਕਤ ਪਹੁੰਚ ਵਾਲ਼ੀ ਦੇਖਭਾਲ ਦੀ ਲੋੜ ਨੂੰ ਵੀ ਕੀਤਾ ਗਿਆ ਉਜਾਗਰ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਇੱਕ ਤਾਜ਼ਾ ਖੋਜ ਰਾਹੀਂ ਬਾਂਝਪਣ ਦੀ ਸਮੱਸਿਆ ਵਿੱਚ ਵਾਤਾਵਰਣ, ਜੈਨੇਟਿਕ ਅਤੇ ਜੀਵਨ-ਸ਼ੈਲੀ ਨਾਲ਼ ਜੁੜੇ ਕਾਰਕਾਂ ਦੇ ਜਟਿਲ ਸੰਬੰਧਾਂ ਬਾਰੇ ਅਹਿਮ ਤੱਥ ਉਜਾਗਰ ਹੋਏ ਹਨ। ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਤੋਂ ਨਿਗਰਾਨ ਡਾ. ਰਜਿੰਦਰ ਕੌਰ ਅਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਤੋਂ ਸਹਿ-ਨਿਗਰਾਨ ਡਾ. ਪ੍ਰੀਤੀ ਖੇਤਰਪਾਲ ਦੀ ਅਗਵਾਈ ਵਿੱਚ ਖੋਜਾਰਥੀ ਡਾ. ਮਨਦੀਪ ਕੌਰ ਵੱਲੋਂ ਕੀਤੇ ਇਸ ਅਧਿਐਨ ਰਾਹੀਂ ਬਾਂਝਪਣ ਦੀ ਵਧਦੀ ਸਮੱਸਿਆ ਨੂੰ ਹੱਲ ਕਰਨ ਲਈ ਜਾਗਰੂਕਤਾ ਅਤੇ ਸੰਯੁਕਤ ਪਹੁੰਚ ਅਪਣਾਏ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਹੈ।
ਡਾ. ਮਨਦੀਪ ਕੌਰ ਨੇ ਦੱਸਿਆ ਕਿ ਅਧਿਐਨ ਵਿੱਚ ਵੱਖ-ਵੱਖ ਕਾਰਕਾਂ ਜਿਵੇਂ ਕਿ ਬੌਡੀ ਮਾਸ ਇੰਡੈਕਸ (ਬੀ. ਐੱਮ. ਆਈ.), ਘੱਟ ਸਰੀਰਕ ਗਤੀਵਿਧੀ, ਪੇਸ਼ਾ, ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ, ਚਾਹ/ਕੌਫੀ ਦੀ ਵਰਤੋਂ ਅਤੇ ਜੰਕ ਫੂਡ ਦੀ ਵਰਤੋਂ ਆਦਿ ਨੂੰ ਬਾਂਝਪਣ ਨਾਲ਼ ਜੋੜ ਕੇ ਵੇਖਿਆ ਗਿਆ, ਜਿਸ ਤੋਂ ਅਹਿਮ ਨਤੀਜੇ ਸਾਹਮਣੇ ਆਏ। ਉਨ੍ਹਾਂ ਦੱਸਿਆ ਕਿ ਖਾਸ ਤੌਰ 'ਤੇ, ਕੌਪਰ, ਕੋਬਾਲਟ, ਮੈਂਗਨੀਜ਼, ਜ਼ਿੰਕ, ਸੇਲੇਨੀਅਮ, ਯੂਰੇਨੀਅਮ, ਵੈਨੇਡੀਅਮ ਅਤੇ ਬਿਸਮਥ ਵਰਗੇ ਭਾਰੀ ਧਾਤਾਂ ਦੇ ਸੀਰਮ ਪੱਧਰਾਂ ਵਿੱਚ ਤਬਦੀਲੀ, ਨਾਲ ਹੀ ਕੋਲੈਸਟ੍ਰੋਲ, ਟ੍ਰਾਈਗਲਿਸਰਾਈਡ ਅਤੇ ਘੱਟ-ਘਣਤਾ ਵਾਲੇ ਲਿਪੋਪ੍ਰੋਟੀਨ (ਐੱਲ.ਡੀ. ਐੱਲ.) ਦੇ ਪੱਧਰ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ਦੇ ਬਾਂਝਪਣ ਦੇ ਵਧੇ ਹੋਏ ਜੋਖਮ ਨਾਲ਼ ਜੋੜ ਕੇ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ ਬਾਂਝਪਣ ਵਾਲ਼ੀਆਂ ਔਰਤਾਂ ਵਿੱਚ ਖਾਸ ਤੌਰ 'ਤੇ ਲੋਹੇ ਅਤੇ ਜ਼ਿੰਕ ਦੇ ਸੀਰਮ ਪੱਧਰ ਕਾਫ਼ੀ ਘੱਟ ਮਾਤਰਾ ਵਿੱਚ ਵੇਖੇ ਗਏ। ਕੌਪਰ ਦੇ ਉੱਚ ਪੱਧਰ ਔਰਤਾਂ ਵਿੱਚ ਵਧੇ ਹੋਏ ਟ੍ਰਾਈਗਲਿਸਰਾਈਡ ਪੱਧਰਾਂ ਨਾਲ਼ ਸਬੰਧਤ ਸਨ। ਪੁਰਸ਼ਾਂ ਵਿੱਚ, ਕ੍ਰੋਮੀਅਮ ਅਤੇ ਐੱਲ.ਡੀ. ਐੱਲ ਕੋਲੈਸਟ੍ਰੋਲ ਦੇ ਵਧੇ ਹੋਏ ਪੱਧਰ ਨਾਲ਼ ਉਨ੍ਹਾਂ ਦੇ ਵੀਰਜ ਦੀ ਗੁਣਵੱਤਾ 'ਤੇ ਮਾੜਾ ਪ੍ਰਭਾਵ ਵੇਖਿਆ ਗਿਆ, ਜੋ ਮਰਦਾਂ ਵਿੱਚ ਬਾਂਝਪਣ ਦੇ ਜੋਖਮ ਨੂੰ ਹੋਰ ਵਧਾਉਂਦਾ ਹੈ।
ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਅਧਿਐਨ ਦੌਰਾਨ ਕੀਤੇ ਜੈਨੇਟਿਕ ਵਿਸ਼ਲੇਸ਼ਣ ਵਿੱਚ ਪਤਾ ਲੱਗਾ ਕਿ ਐੱਮ.ਟੀ.ਐੱਚ. ਐੱਫ. ਆਰ. ਜੀਨ (ਆਰ. ਐੱਸ.1801133 ਅਤੇ ਆਰ. ਐੱਸ.1801131 ਵੇਰੀਐਂਟ) ਪੁਰਸ਼ਾਂ ਅਤੇ ਔਰਤਾਂ ਦੋਵਾਂ ਵਿੱਚ ਬਾਂਝਪਣ ਦੇ ਜੋਖਮ ਨੂੰ ਵਧਾਉਂਦਾ ਹੈ, ਜਦਕਿ ਐੱਨ. ਆਰ.5.ਏ.1 ਜੀਨ ਵੇਰੀਐਂਟ (ਆਰ. ਐੱਸ. 1110061) ਪੁਰਸ਼ਾਂ ਵਿੱਚ ਬਾਂਝਪਣ ਦੇ ਜੋਖਮ ਨੂੰ ਘਟਾਉਂਦਾ ਹੈ। ਉਨ੍ਹਾਂ ਦੱਸਿਆ ਕਿ ਅਧਿਐਨ ਰਾਹੀਂ ਜੀਨ ਅਤੇ ਵਾਤਾਵਰਣ ਦੇ ਸਬੰਧਾਂ ਦੀ ਵੀ ਪਛਾਣ ਕੀਤੀ ਗਈ ਜਿਸ ਤੋਂ ਪ੍ਰਾਪਤ ਅੰਕੜੇ ਦਸਦੇ ਹਨ ਕਿ ਖਾਸ ਤੌਰ 'ਤੇ ਐੱਮ.ਟੀ.ਐੱਚ. ਐੱਫ. ਆਰ. (ਆਰ. ਐੱਸ.1801133) ਵੇਰੀਐਂਟ ਅਤੇ ਜੀਵਨ-ਸ਼ੈਲੀ ਦੇ ਕਾਰਕਾਂ ਜਿਵੇਂ ਕਿ ਜੰਕ ਫੂਡ (9.34%), ਡੱਬਾਬੰਦ ਭੋਜਨ (10.07%), ਸ਼ਰਾਬ ਦਾ ਸੇਵਨ (6.32%) ਅਤੇ ਘੱਟ ਸਰੀਰਕ ਗਤੀਵਿਧੀ (4.64%) ਨੇ ਬਾਂਝਪਣ ਦੇ ਜੋਖਮ ਨੂੰ ਵਧਾਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਇਸ ਅਧਿਐਨ ਨੇ ਪ੍ਰਾਇਮਰੀ ਅਤੇ ਸੈਕੰਡਰੀ ਬਾਂਝਪਣ ਵਾਲੀਆਂ ਔਰਤਾਂ ਵਿੱਚ ਡਿਪਰੈਸ਼ਨ ਦੇ ਪੱਧਰ ਵਿੱਚ ਮਹੱਤਵਪੂਰਨ ਵਾਧੇ (ਪੀ< 0.05) ਨੂੰ ਵੀ ਉਜਾਗਰ ਕੀਤਾ, ਜੋ ਕਿ ਬਾਂਝਪਣ ਦੇ ਇਲਾਜ ਵਿੱਚ ਮਨੋਵਿਗਿਆਨਕ ਸਹਾਇਤਾ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ।
ਡਾ. ਪ੍ਰੀਤੀ ਖੇਤਰਪਾਲ ਨੇ ਦੱਸਿਆ ਕਿ ਇਹ ਅਧਿਐਨ ਜੀਵਨ-ਸ਼ੈਲੀ ਦੇ ਕਾਰਕਾਂ ਦੇ ਸਿਹਤ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣ, ਬਿਹਤਰ ਖੁਰਾਕ ਬਦਲ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖ ਵਿੱਚ ਪ੍ਰਜਣਨ ਸੰਭਾਵਨਾਵਾਂ ਨੂੰ ਸੁਧਾਰਨ ਦੀ ਸਿਫ਼ਾਰਸ਼ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਅਧਿਐਨ ਭਾਰੀ ਧਾਤਾਂ, ਜੈਵ-ਰਸਾਇਣਕ ਮਾਪਦੰਡਾਂ ਅਤੇ ਜੈਨੇਟਿਕ ਕਾਰਕਾਂ ਦੀ ਭੂਮਿਕਾ ਦੀ ਖੋਜ ਕਰ ਕੇ ਬਾਂਝਪਣ ਦੇ ਅੰਦਰੂਨੀ ਮਕੈਨਿਜ਼ਮ ਨੂੰ ਡੂੰਘਾਈ ਨਾਲ ਸਮਝਣ ਵਿੱਚ ਯੋਗਦਾਨ ਪਾਉਂਦਾ ਹੈ। ਇਹ ਨਤੀਜੇ ਉੱਚ-ਜੋਖਮ ਵਾਲੀਆਂ ਗਰਭ ਅਵਸਥਾਵਾਂ ਦੀ ਸਮੇਂ ਸਿਰ ਪਛਾਣ, ਸਲਾਹ ਅਤੇ ਪ੍ਰਬੰਧਨ ਵਿੱਚ ਮਦਦ ਕਰ ਸਕਦੇ ਹਨ। ਅਧਿਐਨ ਮਨੋਵਿਗਿਆਨਕ ਸਹਾਇਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਸੰਯੁਕਤ ਕਿਸਮ ਦੀ ਦੇਖਭਾਲ ਦੀ ਲੋੜ ਨੂੰ ਵੀ ਉਜਾਗਰ ਕਰਦਾ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਇਸ ਖੋਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਵਿੱਦਿਅਕ ਅਤੇ ਖੋਜ ਅਦਾਰਿਆਂ ਦੀ ਸਮਾਜ ਵਿੱਚ ਪ੍ਰਸੰਗਿਕਤਾ ਨੂੰ ਉਜਾਗਰ ਕਰਦੀਆਂ ਹਨ ਅਤੇ ਆਮ ਲੋਕਾਈ ਦੀ ਖੋਜ ਅਦਾਰਿਆਂ ਪ੍ਰਤੀ ਭਰੋਸੇਯੋਗਤਾ ਵਿੱਚ ਵਾਧਾ ਕਰਦੀਆਂ ਹਨ।