ਅੰਮ੍ਰਿਤਸਰ : ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸਿੱਖ ਪੰਥ ਦੇ ਇਤਿਹਾਸ ਵਿੱਚ ਮਰਿਆਦਾ ਦੀ ਪਾਲਣਾ ਸਾਡੀ ਸਭ ਤੋਂ ਵੱਡੀ ਤਾਕਤ ਅਤੇ ਪਹਿਚਾਣ ਰਹੀ ਹੈ। ਦੁਖ ਦੀ ਗੱਲ ਹੈ ਕਿ ਹਾਲ ਹੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਬਾਦਲ ਪਰਿਵਾਰ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਬਣਾਏ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਦੀਆਂ ਘਟਨਾਵਾਂ ਨੇ ਪੰਥਕ ਰਵਾਇਤਾਂ ਅਤੇ ਮਰਿਆਦਾ ਬਾਰੇ ਗੰਭੀਰ ਚਿੰਤਾਵਾਂ ਅਤੇ ਸਵਾਲ ਪੈਦਾ ਕੀਤੇ ਹਨ।
ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੀਤੇ ਗਏ ਸਨਮਾਨ ’ਤੇ ਟਿੱਪਣੀ ਕਰਦਿਆਂ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕੀ ਇਹ ਸਨਮਾਨ ਕਿਸੇ ਦਬਾਅ ਅਧੀਨ ਕੀਤਾ ਗਿਆ? ਕਿਉਂਕਿ ਪੰਜ ਮਹੀਨੇ ਪਹਿਲਾਂ ਗਿਆਨੀ ਰਘਬੀਰ ਸਿੰਘ ਨੇ ਗਿਆਨੀ ਗੜਗੱਜ ਦੀ ਚੋਰੀ-ਛੁਪੇ ਰਸਮਾਂ ਨਾਲ ਤਾਜਪੋਸ਼ੀ ਕੀਤੇ ਜਾਣ ਨੂੰ ਖ਼ੁਦ ਮਰਿਆਦਾ ਦੀ ਖੁੱਲ੍ਹੀ ਉਲੰਘਣਾ ਕਰਾਰ ਦਿੱਤਾ ਸੀ। ਉਹਨਾਂ ਇਹ ਵੀ ਕਿਹਾ ਸੀ ਕਿ ਜਦੋਂ ਕਿਸੇ ਜਥੇਦਾਰ ਦੀ ਬੇਨਿਯਮੀ ਨਾਲ ਤਾਜਪੋਸ਼ੀ ਹੁੰਦੀ ਹੈ, ਤਾਂ ਪੰਥ ਵਿੱਚ ਰੋਸ ਉੱਠਣਾ ਸੁਭਾਵਿਕ ਹੈ। ਉਨ੍ਹਾਂ ਮਰਿਆਦਾ ਦੀ ਗੱਲ ਕਰਦਿਆਂ ਕਿਹਾ ਸੀ ਕਿ ਜਦੋਂ ਕਿਸੇ ਜਥੇਦਾਰ ਦੀ ਨਿਯੁਕਤੀ ਹੁੰਦੀ ਹੈ ਤਾਂ ਉਨ੍ਹਾਂ ਦੀ ਤਾਜਪੋਸ਼ੀ ਬੜੇ ਹੀ ਸਤਿਕਾਰ ਨਾਲ ਕੀਤੀ ਜਾਂਦੀ ਹੈ। ਪਹਿਲਾਂ ਇਸ ਬਾਰੇ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਜਾਂਦੇ ਹਨ ਅਤੇ ਬਾਅਦ ਵਿਚ ਨਿਹੰਗ ਸਿੰਘ ਜਥੇਬੰਦੀਆਂ, ਟਕਸਾਲਾਂ, ਸੰਪਰਦਾਵਾਂ ਅਤੇ ਸੰਤ ਮਹਾਂਪੁਰਖ ਉਦਾਸੀ ਨਿਰਮਲੇ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਹਨ ਕਿ ਇਸ ਜਗ੍ਹਾ ਦੇ ਉੱਪਰ ਜਥੇਦਾਰ ਸਾਹਿਬ ਦੀ ਤਾਜਪੋਸ਼ੀ ਕੀਤੀ ਜਾਣੀ ਹੈ। ਉਸ ਥਾਂ ਬਕਾਇਦਾ ਗੁਰੂ ਜੀ ਦੀ ਹਜ਼ੂਰੀ ਵਿਚ ਗੁਰਮਤਿ ਸਮਾਗਮ ਹੁੰਦਾ ਹੈ ਅਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਥੇਦਾਰ ਸਾਹਿਬ ਦਾ ਤਾਜਪੋਸ਼ੀ ਸਮਾਗਮ ਹੁੰਦਾ ਹੈ। ਉਨ੍ਹਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਿਯੁਕਤੀ ਨੂੰ ਚੁਨੌਤੀ ਦਿੱਤੀ ਅਤੇ ਕਿਹਾ ਸੀ ਕਿ ਚੋਰੀ-ਛੁਪੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਿਨਾਂ ਹੀ ਉੱਥੇ ਪਾਲਕੀ ਸਾਹਿਬ ਨੂੰ ਮੱਥਾ ਟੇਕਣਾ ਜਦੋਂ ਕਿ ਉਸ ਸਮੇਂ ਸ਼ਸਤਰ ਵੀ ਸੁਭਾਏਮਾਨ ਨਹੀਂ ਸਨ, ਜੋ ਇਹ ਮਰਿਆਦਾ ਦੀ ਬਹੁਤ ਵੱਡੀ ਉਲੰਘਣਾ ਸੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੰਜ ਮਹੀਨਿਆਂ ਵਿੱਚ ਮਰਿਆਦਾ ਵਿੱਚ ਕਿਹੜੀ ਤਬਦੀਲੀ ਆਈ ਕਿ ਉਹੀ ਵਿਅਕਤੀ, ਜਿਸ ਦੀ ਨਿਯੁਕਤੀ ਨੂੰ ਗਿਆਨੀ ਰਘਬੀਰ ਸਿੰਘ ਨੇ ਗ਼ਲਤ ਕਰਾਰ ਦਿੱਤਾ ਸੀ, ਅੱਜ ਸਿਰੋਪੇ ਨਾਲ ਸਨਮਾਨਿਤ ਹੋ ਗਿਆ? ਕੀ ਇਹ ਦੋਹਰਾ ਮਾਪਦੰਡ ਪੰਥ ਵਾਸਤੇ ਕਬੂਲ ਯੋਗ ਹੈ? ਸਿੰਘ ਸਾਹਿਬਾਨ ਵੱਲੋਂ ਗਿਆਨੀ ਗੜਗੱਜ ਨੂੰ ਸਨਮਾਨ ਦੇਣਾ ਪੰਥਕ ਸਿਧਾਂਤਾਂ ਨਾਲ ਧੋਖਾ ਅਤੇ ਮਰਿਆਦਾ ਨਾਲ ਖਿਲਵਾੜ ਨਹੀਂ ਹੈ। ਜਿਨ੍ਹਾਂ ਨੇ ਸੰਗਤ ਨੂੰ ਮਰਿਆਦਾ ਦਾ ਪਾਠ ਪੜਾਉਣਾ ਸੀ, ਅੱਜ ਉਹ ਖ਼ੁਦ ਕਿਰਦਾਰ ਅਤੇ ਅਸੂਲਾਂ ਪੱਖੋਂ ਹੌਲੇ ਸਾਬਤ ਹੋਏ ਹਨ।
ਸਿੱਖ ਕੌਮ ਦੇ ਸਾਹਮਣੇ ਕੁਝ ਸਪਸ਼ਟ ਸਵਾਲ ਹਨ ਕਿ ਜਿਹੜਾ ਵਿਅਕਤੀ ਕੱਲ੍ਹ ਮਰਿਆਦਾ ਦੀ ਉਲੰਘਣਾ ਦੇ ਖ਼ਿਲਾਫ਼ ਖ਼ੁਦ ਬੋਲ ਰਿਹਾ ਸੀ, ਉਹ ਅੱਜ ਉਸੇ ਵਿਅਕਤੀ ਨੂੰ ਸਨਮਾਨਿਤ ਕਰਕੇ ਕਿਹੜੀ ਮਰਿਆਦਾ ਦੀ ਪਾਲਣਾ ਕਰ ਰਿਹਾ ਹੈ?
ਕੀ ਪੰਥ ਦੀਆਂ ਰਵਾਇਤਾਂ ਕੁਝ ਲੋਕਾਂ ਦੀ ਸੁਵਿਧਾ ਅਨੁਸਾਰ ਤੋੜੀਆਂ-ਮੋੜੀਆਂ ਜਾ ਸਕਦੀਆਂ ਹਨ? ਜੇਕਰ ਗਿਆਨੀ ਰਘਬੀਰ ਸਿੰਘ ਕੋਲ ਇਸ ਬਦਲਾਅ ਦਾ ਕੋਈ ਜਾਇਜ਼ ਕਾਰਨ ਨਹੀਂ, ਤਾਂ ਕੀ ਉਹ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਪਦ ’ਤੇ ਕਾਇਮ ਰਹਿਣ ਦਾ ਨੈਤਿਕ ਅਧਿਕਾਰ ਰੱਖਦੇ ਹਨ?
ਪੰਥ ਦੇ ਹਿੱਤ ਵਿੱਚ ਮਰਿਆਦਾ ਨਾਲ ਖਿਲਵਾੜ ਕਰਨ ਵਾਲਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮਰਿਆਦਾ ਦੀਆਂ ਉਲੰਘਣਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਿੱਖ ਕੌਮ ਸਾਹਮਣੇ ਸਪਸ਼ਟੀਕਰਨ ਦੇਣਾ ਲਾਜ਼ਮੀ ਹੈ।
ਮੈਂ ਸਿੱਖ ਜਥੇਬੰਦੀਆਂ, ਟਕਸਾਲਾਂ ਅਤੇ ਸਾਰੀ ਸੰਗਤ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਪੰਥਕ ਰਵਾਇਤਾਂ ਦੀ ਰੱਖਿਆ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਮੈਂ ਅਪੀਲ ਕਰਦਾ ਹਾਂ।
SARCHAND SINGH
*Mobile - 9781355522