ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਦੇ ਪ੍ਰੋਫ਼ੈਸਰ ਡਾ. ਰੀਤੂ ਲਹਿਲ ਨੇ ਡੀਨ ਖੋਜ ਵਜੋਂ ਅਤੇ ਬਾਇਓਟੈਕਨਾਲੋਜੀ ਵਿਭਾਗ ਦੇ ਪ੍ਰੋਫ਼ੈਸਰ ਡਾ. ਮਿਨੀ ਸਿੰਘ ਨੇ ਐਸੋਸੀਏਟ ਡੀਨ ਖੋਜ ਵਜੋਂ ਅਹੁਦਾ ਸੰਭਾਲ਼ ਲਿਆ ਹੈ।
ਉਨ੍ਹਾਂ ਵੱਲੋਂ ਅਹੁਦਾ ਸੰਭਾਲ਼ੇ ਜਾਣ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ। ਉਨ੍ਹਾਂ ਦੋਹੇਂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਇਸ ਅਹੁਦੇ ਉੱਤੇ ਕੰਮ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਪ੍ਰੋ. ਰੀਤੂ ਲਹਿਲ, ਜਿਨ੍ਹਾਂ ਕੋਲ 34 ਸਾਲਾਂ ਤੋਂ ਵੱਧ ਦਾ ਅਧਿਆਪਨ, ਖੋਜ ਅਤੇ ਅਕਾਦਮਿਕ ਪ੍ਰਸ਼ਾਸਨ ਦਾ ਤਜਰਬਾ ਹੈ, ਨੇ ਫੈਕਲਟੀ ਡੀਨ, ਵਿਭਾਗ ਮੁਖੀ ਅਤੇ ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਵਰਗੇ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਵੱਲੋਂ ਯੂ.ਜੀ.ਸੀ., ਏ.ਆਈ. ਸੀ.ਟੀ. ਈ. ਅਤੇ ਆਈ. ਸੀ. ਐੱਸ. ਐੱਸ. ਆਰ. ਵਰਗੀਆਂ ਵੱਕਾਰੀ ਏਜੰਸੀਆਂ ਦੁਆਰਾ ਫੰਡ ਕੀਤੇ ਕਈ ਖੋਜ ਪ੍ਰੋਜੈਕਟਾਂ ਦੀ ਅਗਵਾਈ ਕੀਤੀ ਗਈ ਹੈ।
ਡਾ. ਮਿਨੀ ਸਿੰਘ, ਇੱਕ ਪ੍ਰਮੁੱਖ ਅਕਾਦਮਿਕ ਖੋਜੀ ਹਨ ਜਿਨ੍ਹਾਂ ਦੀਆਂ ਖੋਜਾਂ ਟੈਕਨੌਲਜੀ ਟਰਾਂਸਫਰ ਦੇ ਪੱਧਰ ਤੱਕ ਪੁੱਜੀਆਂ ਹਨ। ਉਹ ਅਕਾਦਮਿਕ ਖੇਤਰ ਦੀ ਇੰਡਸਟਰੀ ਨਾਲ਼ ਸਾਂਝੇਦਾਰੀ ਦੀ ਦਿਸ਼ਾ ਵਿੱਚ ਅਹਿਮ ਕਾਰਜ ਕਰ ਚੁੱਕੇ ਹਨ।