ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਸੀ ਸਟੇਜ ਪਾਸ
ਸੁਨਾਮ : ਵੀਰਵਾਰ ਨੂੰ ਸੁਨਾਮ ਵਿਖੇ ਅਨਾਜ਼ ਮੰਡੀ ਵਿੱਚ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਸ਼ਹੀਦ ਦੇ ਵਾਰਿਸ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਲੇਕਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਉਣ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਦੀ ਭੈਣ ਆਸ ਕੌਰ ਦੇ ਪੋਤਰੇ ਜੀਤ ਸਿੰਘ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਟੇਜ ਤੋਂ ਹੇਠਾਂ ਉਤਾਰ ਦਿੱਤਾ ਗਿਆ। ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਪੁੱਜੇ ਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਕਾਇਦਾ ਸਟੇਜ ਪਾਸ ਵੀ ਜਾਰੀ ਕੀਤਾ ਸੀ ਪਰੰਤੂ ਆਖਰੀ ਸਮੇਂ 'ਤੇ ਪ੍ਰਸ਼ਾਸਨ ਨੇ ਅਚਾਨਕ ਉਨ੍ਹਾਂ ਨੂੰ ਸਟੇਜ ਤੋਂ ਹੇਠਾਂ ਉਤਾਰ ਲਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਸਟੇਜ 'ਤੇ ਨਹੀਂ ਜਾਣ ਦਿੱਤਾ। ਜੀਤ ਸਿੰਘ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਲਈ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇ। ਦੱਸ ਦੇਈਏ ਜੀਤ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਾਰੀ ਪੱਤਰ ਦੇ ਮੁਤਾਬਿਕ ਆਪਣੇ ਪੁੱਤਰ ਜੱਗਾ ਸਿੰਘ ਲਈ ਲੰਮੇ ਸਮੇਂ ਤੋਂ ਸਰਕਾਰੀ ਨੌਕਰੀ ਦੀ ਮੰਗ ਕਰਦਾ ਆ ਰਿਹਾ ਹੈ। ਪੰਜਾਬੀ ਜਾਗਰਣ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।