ਕੇਜਰੀਵਾਲ ਦੇ ਸਟੇਜ ਤੋਂ ਬੋਲਣ ਲੱਗਿਆਂ ਪੰਡਾਲ ਹੋਇਆ ਖ਼ਾਲੀ
ਲੈਂਡ ਪੂਲਿੰਗ ਦੇ ਵਿਰੋਧ ਦਾ ਸਾਹਮਣਾ ਕਰ ਰਹੀ 'ਆਪ' ਸਰਕਾਰ ਨੇ ਮਾਲਵਾ ਚ, ਝੋਕੀ ਤਾਕਤ
ਪੀ.ਆਰ.ਟੀ.ਸੀ. ਦੀਆਂ ਲਗਭਗ ਪੰਜ ਸੌ ਬੱਸਾਂ ਵਿੱਚ ਰਾਜ ਭਰ ਤੋਂ ਆਏ ਲੋਕ
ਸੁਨਾਮ : ਸ਼ਹੀਦ ਊਧਮ ਸਿੰਘ ਦੇ 86 ਵੇਂ ਸ਼ਹੀਦੀ ਦਿਵਸ ਮੌਕੇ ਸੁਨਾਮ ਦੀ ਅਨਾਜ ਮੰਡੀ ਵਿਖੇ ਆਯੋਜਿਤ ਕੀਤੇ ਰਾਜ ਪੱਧਰੀ ਸ਼ਰਧਾਂਜਲੀ ਸਮਾਗਮ ਨੂੰ ਖ਼ਾਸ ਢੰਗ ਨਾਲ ਦੇਖਿਆ ਜਾ ਰਿਹਾ ਹੈ। ਸ਼ਰਧਾਂਜਲੀ ਸਮਾਗਮ ਰਾਹੀਂ ਆਮ ਆਦਮੀ ਪਾਰਟੀ ਆਪਣੀ ਰਾਜਸੀ ਤਾਕਤ ਦਿਖਾਉਂਦੀ ਦਿਖਾਈ ਦਿੱਤੀ। ਲੈਂਡ ਪੂਲਿੰਗ ਨੀਤੀ ਦੇ ਵਿਰੋਧ ਦਾ ਸਾਹਮਣਾ ਕਰ ਰਹੀ 'ਆਪ' ਸਰਕਾਰ ਵੱਲੋਂ ਕਿਸਾਨ-ਪ੍ਰਭਾਵਸ਼ਾਲੀ ਮਾਲਵਾ ਖੇਤਰ ਵਿੱਚ ਇਕੱਠੀ ਕੀਤੀ ਗਈ ਭੀੜ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਸਮੇਤ ਆਮ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਲੈਂਡ ਪੂਲਿੰਗ ਨੀਤੀ ਕਿਸਾਨਾਂ ਦੇ ਹਿੱਤ ਵਿੱਚ ਹੈ। ਮਾਲਵਾ ਦੇ ਇਸ ਖੇਤਰ ਦੇ ਕਈ ਕਿਸਾਨ ਜਥੇਬੰਦੀਆਂ ਸਰਗਰਮ ਹਨ ਅਤੇ ਉਕਤ ਨੀਤੀ ਦੇ ਵਿਰੋਧ ਵਿੱਚ ਸਰਕਾਰ ਨਾਲ ਲੜਨ ਦਾ ਐਲਾਨ ਕਰ ਚੁੱਕੇ ਹਨ। ਸ਼ਰਧਾਂਜਲੀ ਸਮਾਰੋਹ ਵਿੱਚ ਪੰਜਾਬ ਦੇ ਕਈ ਕੈਬਨਿਟ ਮੰਤਰੀ ਦਿੱਲੀ ਤੋਂ ਆਏ ਆਪਣੇ ਆਕਾਵਾਂ ਦੀ ਉਡੀਕ ਵਿੱਚ ਲਗਭਗ ਡੇਢ ਘੰਟੇ ਤੱਕ ਸਟੇਜ 'ਤੇ ਬੈਠੇ ਰਹੇ। ਮੁੱਖ ਮੰਤਰੀ ਭਗਵੰਤ ਮਾਨ, 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਲਗਭਗ ਦੋ ਵਜੇ ਮੁੱਖ ਪੰਡਾਲ ਵਿੱਚ ਪਹੁੰਚੇ। ਸਮਾਗਮ ਦੀ ਖ਼ਾਸ ਗੱਲ ਇਹ ਰਹੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਬੋਲਣ ਤੋਂ ਬਾਅਦ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੰਬੋਧਨ ਕਰਨ ਲਈ ਬੁਲਾਇਆ ਗਿਆ , ਕੇਜਰੀਵਾਲ ਨੇ ਜਿਉਂ ਹੀ ਸਟੇਜ ਤੋਂ ਬੋਲਣਾ ਸ਼ੁਰੂ ਕੀਤਾ ਤਾਂ ਪੰਡਾਲ਼ ਵਿਚ ਬੈਠੇ ਲੋਕ ਤੁਰੰਤ ਉੱਠਕੇ ਜਾਣ ਲੱਗ ਪਈ। ਸੁਰੱਖਿਆ ਮੁਲਾਜ਼ਮਾਂ ਨੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੁਝ ਹੀ ਪਲਾਂ ਵਿੱਚ ਪੰਡਾਲ ਦਾ ਵੱਡਾ ਹਿੱਸਾ ਖਾਲੀ ਹੋ ਗਿਆ। ਕੇਜਰੀਵਾਲ ਨੇ ਵੀ ਆਪਣਾ ਭਾਸ਼ਣ ਜਲਦੀ ਵਿੱਚ ਸਮਾਪਤ ਕਰਨਾ ਪਿਆ। ਦਿੱਲੀ ਤੋਂ ਆਏ ਕੇਜਰੀਵਾਲ ਦੇ ਬੋਲਣ ਤੋਂ ਪਹਿਲਾਂ ਪੰਡਾਲ਼ ਦੇ ਇਸ ਤਰ੍ਹਾਂ ਖ਼ਾਲੀ ਹੋ ਜਾਣ ਦੇ ਲੋਕਾਂ ਵੱਲੋਂ ਡੂੰਘੇ ਰਾਜਨੀਤਕ ਅਰਥ ਕੱਢੇ ਜਾ ਰਹੇ ਹਨ।ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ, ਆਪ ਦੇ ਇੱਕ ਆਗੂ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਅੰਦਰ ਅੱਜ ਵੀ ਭਗਵੰਤ ਮਾਨ ਦਾ ਪ੍ਰਭਾਵ ਹੀ ਬਰਕਰਾਰ ਹੈ।