ਕੌਂਸਲ ਪੰਪ ਲਾਕੇ ਪਾਣੀ ਕੱਢਣ ਲਈ ਯਤਨਸ਼ੀਲ
ਸੁਨਾਮ : ਲੰਘੀ ਰਾਤ ਸੁਨਾਮ ਇਲਾਕੇ ਅੰਦਰ ਪਏ ਲਗਾਤਾਰ ਮੀਂਹ ਕਾਰਨ ਨਵੀਂ ਅਨਾਜ ਮੰਡੀ ਵਿਖੇ 31 ਜੁਲਾਈ ਨੂੰ ਮਹਾਨ ਸ਼ਹੀਦ ਊਧਮ ਸਿੰਘ ਦੇ ਆਯੋਜਿਤ ਕੀਤੇ ਜਾ ਰਹੇ ਰਾਜ ਪੱਧਰੀ ਸ਼ਹੀਦੀ ਸਮਾਗਮ ਵਾਲੇ ਮੁੱਖ ਪੰਡਾਲ ਦੇ ਦੁਆਲੇ ਬਰਸਾਤੀ ਪਾਣੀ ਭਰ ਗਿਆ ਹੈ, ਨਗਰ ਕੌਂਸਲ ਵੱਲੋਂ ਪੰਪ ਲਾਕੇ ਪਾਣੀ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। ਸਟੇਡੀਅਮ ਰੋਡ ਤੇ ਬਣਿਆ ਰੇਲਵੇ ਅੰਡਰ ਬਰਿੱਜ ਵੀ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰ ਗਿਆ ਸੀ। ਮੀਂਹ ਕਾਰਨ ਸ਼ਹੀਦੀ ਸਮਾਗਮ ਵਾਲੇ ਮੁੱਖ ਪੰਡਾਲ ਦੇ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਅਤੇ ਮੰਡੀ ਦਾ ਅਹਾਤਾ ਪਾਣੀ ਵਿੱਚ ਡੁੱਬ ਗਿਆ ਹੈ। ਹਾਲਾਂਕਿ, ਪ੍ਰਸ਼ਾਸਨ ਨੇ ਸਥਿਤੀ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ। ਪੰਪਾਂ ਅਤੇ ਮੋਟਰਾਂ ਨਾਲ ਪਾਣੀ ਕੱਢਿਆ ਜਾ ਰਿਹਾ ਹੈ। ਸੁਨਾਮ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਕਿਹਾ ਕਿ ਕੌਂਸਲ ਦੇ ਕਰਮਚਾਰੀ ਸਿਸਟਮ ਨੂੰ ਠੀਕ ਕਰਨ ਲਈ ਪੂਰੀ ਲਗਨ ਨਾਲ ਦਿਨ ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਪੱਧਰੀ ਸ਼ਹੀਦੀ ਸਮਾਗਮ ਤੋਂ ਪਹਿਲਾਂ ਖੜ੍ਹੇ ਬਰਸਾਤੀ ਪਾਣੀ ਨੂੰ ਕੱਢ ਦਿੱਤਾ ਜਾਵੇਗਾ। ਦੱਸ ਦੇਈਏ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਹੋਰਨ ਆਗੂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨਗੇ।