ਸੁਨਾਮ : ਗਦਰੀ ਸਹੀਦ ਬੀਬੀ ਗੁਲਾਬ ਕੌਰ ਬਖਸ਼ੀਵਾਲਾ ਦਾ 100 ਵਾਂ ਸਹੀਦੀ ਦਿਹਾੜਾ ਪੈਨਸ਼ਨ ਭਵਨ ਸੁਨਾਮ ਵਿਖੇ ਰਾਮ ਸਰੂਪ ਢੈਪਈ ਦੀ ਪ੍ਰਧਾਨਗੀ ਹੇਠ ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ,ਗਦਰੀ ਸਹੀਦ ਊਧਮ ਸਿੰਘ ਵਿਚਾਰ ਮੰਚ ਅਤੇ ਤਰਕਸ਼ੀਲ ਸੁਸਾਇਟੀ ਵਲੋਂ ਸਾਂਝੇ ਤੌਰ ਤੇ ਮਨਾਇਆ ਗਿਆ। ਇਸ ਮੌਕੇ ਜੀਤ ਸਿੰਘ ਬੰਗਾ, ਬਲਵਿੰਦਰ ਸਿੰਘ ਜਿਲੇਦਾਰ, ਪ੍ਰਿੰਸੀਪਲ ਅਨਿਲ ਕੁਮਾਰ, ਪਵਨ ਕੁਮਾਰ ਸ਼ਰਮਾ, ਗੁਰਮੇਲ ਸਿੰਘ ਬਖਸ਼ੀਵਾਲਾ, ਦਰਸਨ ਸਿੰਘ ਥਾਣੇਦਾਰ, ਰਣਜੀਤ ਸਿੰਘ ਛਾਜਲੀ, ਪਦਮ ਸਰਮਾਂ, ਆਸਾ ਸਿੰਘ ਰਾਏ ਨੇ ਗਦਰੀ ਸਹੀਦ ਬੀਬੀ ਗੁਲਾਬ ਕੌਰ ਅਤੇ ਸਹੀਦ ਊਧਮ ਸਿੰਘ ਦੀ ਸਹੀਦੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਕਿਹਾ ਸਹੀਦਾਂ ਦੀ ਸਹੀਦੀ ਨੂੰ ਕਿਸੇ ਇੱਕ ਫਿਰਕੇ, ਜਾਤ, ਧਰਮ ਨਾਲ ਨਾ ਜੋੜਿਆ ਜਾਵੇ। ਸਹੀਦ ਦੇਸ਼ ਕੌਮ ਦੇ ਸਰਮਾਇਆ ਹੁੰਦੇ ਹਨ। ਉਨ੍ਹਾਂ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਸ਼ਹੀਦਾਂ ਦੇ ਨਾਮ ਵਰਤਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਸੱਤਾ ਤੇ ਕਾਬਜ਼ ਹੋਣ ਉਪਰੰਤ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਹਕੀਕਤ ਵਿੱਚ ਬਦਲਣ ਤੋਂ ਟਾਲਾ ਵੱਟ ਲਿਆ ਜਾਂਦਾ ਹੈ। ਬੁਲਾਰਿਆਂ ਨੇ ਸ਼ਹੀਦਾਂ ਦੀਆਂ ਸ਼ਹਾਦਤਾਂ ਤੋਂ ਸੇਧ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਜ਼ਾਦੀ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਦੇਸ਼ ਭਗਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪ੍ਰੋਗਰਾਮ ਦੇ ਅੰਤ ਵਿੱਚ ਪ੍ਰਧਾਨ ਰਾਮ ਸਰੂਪ ਢੈਪਈ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ ਪ੍ਰੋਗਰਾਮ ਵਿੱਚ ਪੁੱਜੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ।