ਤਿੰਨ ਮਹੀਨੇ ਪਹਿਲਾਂ ਰੱਖਿਆ ਸੀ ਨੀਂਹ ਪੱਥਰ
ਸੜਕ ਦੀ ਅਪਗ੍ਰੇਡਸ਼ਨ ਦਾ ਕੰਮ ਜਲਦੀ ਹੋਵੇਗਾ ਸ਼ੁਰੂ : ਐਸਡੀਓ
ਸੁਨਾਮ : ਸੁਨਾਮ ਜਖੇਪਲ ਧਰਮਗੜ੍ਹ ਸੜਕ ਦੀ ਅਪਗ੍ਰੇਡਸ਼ਨ ਦਾ ਕੰਮ ਸ਼ੁਰੂ ਨਾ ਹੋਣ ਕਾਰਨ ਰਾਹਗੀਰਾਂ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸੜਕ ਤੇ ਪਏ ਆਉਣ ਜਾਣ ਵਾਲਿਆਂ ਲਈ ਪ੍ਰੇਸ਼ਾਨੀ ਬਣੇ ਹੋਏ ਹਨ। ਸੁਨਾਮ ਨੇੜਲੇ ਪਿੰਡਾਂ ਅਤੇ ਖੇਤਾਂ ਵਿੱਚ ਘਰ ਪਾਕੇ ਬੈਠੇ ਲੋਕਾਂ ਸੁਰਿੰਦਰ ਸਿੰਘ ਘਾਸੀਵਾਲਾ, ਰਣਜੀਤ ਸਿੰਘ, ਮੱਖਣ ਸਿੰਘ ਢੋਟ, ਕ੍ਰਿਸ਼ਨ ਸਿੰਘ, ਤਰਨਜੀਤ ਸਿੰਘ, ਤਰਸੇਮ ਸਿੰਘ, ਸੋਮਾ ਸਿੰਘ ਅਤੇ ਨਿਹਾਲ ਸਿੰਘ ਨੇ ਕਿਹਾ ਕਿ ਸੁਨਾਮ ਜਖੇਪਲ ਧਰਮਗੜ੍ਹ ਸੜਕ ਦੀ ਖ਼ਸਤਾ ਹੋਈ ਹਾਲਤ ਨੂੰ ਸੁਧਾਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਉਕਤ ਸੜਕ ਸਮੇਤ ਹੋਰਨਾਂ ਦੋ ਸੜਕਾਂ ਦੀ ਅਪਗ੍ਰੇਡਸ਼ਨ ਦਾ ਨੀਂਹ ਪੱਥਰ ਰੱਖਿਆ ਸੀ, ਉਨ੍ਹਾਂ ਆਖਿਆ ਕਿ ਦੂਜੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਲੇਕਿਨ ਸੁਨਾਮ ਜਖੇਪਲ ਧਰਮਗੜ੍ਹ ਸੜਕ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਮੰਤਰੀ ਅਮਨ ਅਰੋੜਾ ਵੱਲੋਂ ਸੜਕ ਦੀ ਅਪਗ੍ਰੇਡਸ਼ਨ ਦੇ ਰੱਖੇ ਨੀਂਹ ਪੱਥਰ ਕੋਲ ਖੜਕੇ ਰੋਸ ਜਤਾਉਂਦਿਆਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੈ। ਲੋਕਾਂ ਨੇ ਬਦਲਾਅ ਦੇ ਚੱਲਦਿਆਂ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਸੱਤਾ ਸੰਭਾਲਣ ਲਈ ਵੱਡਾ ਫ਼ਤਵਾ ਦਿੱਤਾ ਸੀ ਲੇਕਿਨ ਸਰਕਾਰ ਬਣਨ ਉਪਰੰਤ ਜਨਤਾ ਨੂੰ ਦਰਪੇਸ਼ ਮੁਸ਼ਕਿਲਾਂ ਵੱਲ ਧਿਆਨ ਕੇਂਦਰਿਤ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਸੜਕਾਂ ਅਤੇ ਹੋਰਨਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ, ਕੰਮ ਸ਼ੁਰੂ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਰਾਹਗੀਰਾਂ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਸੜਕ ਦੀ ਅਪਗ੍ਰੇਡਸ਼ਨ ਦਾ ਕੰਮ ਸ਼ੁਰੂ ਕਰਵਾਉਣ ਨੂੰ ਯਕੀਨੀ ਬਣਾਵੇ। ਜਦੋਂ ਸੜਕ ਦੀ ਅਪਗ੍ਰੇਡਸ਼ਨ ਵਿੱਚ ਹੋ ਰਹੀ ਦੇਰੀ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਅਨਿਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਕਤ ਸੜਕ ਦੀ ਅਪਗ੍ਰੇਡਸ਼ਨ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ।