ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ। ਕੇਂਦਰ ਵੱਲੋਂ ਪੰਜਾਬ ਦੀਆਂ ਉਪਜਾਊ ਜਮੀਨਾਂ ਕਿਸਾਨਾਂ ਤੋਂ ਖੋਹਕੇ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਨ ਲਈ ਜੋ ਕੰਮ ਕੇਂਦਰ ਦੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆ ਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹੀ ਅੱਜ ਪੰਜਾਬ ਦੀ ਆਪ ਸਰਕਾਰ ਆਪਣੇ ਦਿੱਲੀ ਵਾਲੇ ਅਕਾਵਾਂ ਦੀ ਸਾਜਿਸ਼ ਤਹਿਤ ਲੈਂਡ ਪੂਲਿੰਗ ਸਕੀਮ ਲਿਆ ਕੇ ਕਰ ਰਹੀ ਹੈ। ਕਿਸਾਨ ਆਗੂ ਰਣ ਸਿੰਘ ਚੱਠਾ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦਾ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਆਪਣੇ ਵਲੰਟੀਅਰਜ਼ ਨੂੰ ਕਿਸਾਨਾਂ ਵਜੋਂ ਪੇਸ਼ ਕਰਕੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਉੱਪਰ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਇਸ ਲੈਂਡ ਪੂਲਿੰਗ ਨੀਤੀ ਦੇ ਹੱਕ ਵਿੱਚ ਹਨ ਪਰ ਸਰਕਾਰ ਦੇ ਇਸ ਝੂਠ ਤੇ ਫਰੇਬ ਦੀ ਪੋਲ ਖੁੱਲਦੀ ਜਾ ਰਹੀ ਹੈ। ਰਣ ਸਿੰਘ ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਕਿਸਾਨ ਅਤੇ ਹਰ ਇੱਕ ਵਰਗ ਨੂੰ ਉਜਾੜਨ ਵਾਲੀ ਇਸ ਲੈਂਡ ਪੂਲਿੰਗ ਨੀਤੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪਿੰਡ ਪਿੰਡ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੀ ਅਗਵਾਈ ਵਿੱਚ 7 ਅਗਸਤ ਨੂੰ ਪਿੰਡ ਜੋਧਾ ਜ਼ਿਲਾ ਲੁਧਿਆਣਾ ਦੀ ਅਨਾਜ ਮੰਡੀ ਵਿੱਚ ਇੱਕ ਪੰਜਾਬ ਪੱਧਰ ਦੀ ਰੈਲੀ ਇਸ ਕਿਸਾਨ, ਮਜ਼ਦੂਰ ਅਤੇ ਹਰ ਇੱਕ ਵਰਗ ਨੂੰ ਉਜਾੜਨ ਵਾਲੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਕੀਤੀ ਜਾਵੇਗੀ।ਕਿਸਾਨ ਆਗੂ ਨੇ ਕਿਹਾ ਕਿ ਇਸ ਜ਼ਮੀਨ ਬਚਾਓ ਰੈਲੀ ਵਿਚ ਜ਼ਿਲ੍ਹਾ ਸੰਗਰੂਰ ਦੇ ਹਜ਼ਾਰਾਂ ਕਿਸਾਨ ਤੇ ਨੌਜਵਾਨ ਸ਼ਮੂਲੀਅਤ ਕਰਨਗੇ।