ਵਿਰਸੇ ਦੀਆਂ ਰੀਤਾਂ ਰਵਾਇਤਾਂ ਨੂੰ ਜਿ਼ੰਦਾ ਰੱਖਣਾ ਸਾਡਾ ਸਭ ਦਾ ਫਰਜ਼: ਡਾ. ਜਗਦੀਪ ਸਿੰਘ
ਸਾਉਣ ਦੇ ਮਹੀਨੇ ਦਾ ਕੁੜੀਆਂ ਦੀ ਜਿ਼ੰਦਗੀ ਵਿੱਚ ਹੁੰਦਾ ਹੈ ਵਿਸ਼ੇਸ਼ ਮਹੱਤਵ: ਵਿਧਾਇਕ ਸਰਬਜੀਤ ਕੌਰ ਮਾਣੂਕੇ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਇੰਪਲਾਈਜ਼ ਯੂਨਿਟੀ ਫਰੰਟ, ਮਹਿਲਾ ਵਿੰਗ ਵੱਲੋਂ ਕਲਾ ਭਵਨ ਵਿਖੇ 'ਤੀਆਂ ਦੀਆਂ ਰੌਣਕਾਂ' ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਲੋਕ ਨਾਚ ਗਿੱਧਾ, ਭੰਗੜਾ, ਮਲਵਈ ਗਿੱਧਾ, ਸੰਮੀ, ਝੂੰਮਰ, ਕਿੱਕਲੀ, ਲੋਕ ਗੀਤ, ਲੋਕ ਬੋਲੀਆਂ ਆਦਿ ਦੀ ਪੇਸ਼ਕਾਰੀ ਹੋਈ। ਪੰਜਾਬ ਸਰਕਾਰ ਤੋਂ ਚੀਫ਼ ਵਿਪ੍ਹ ਪ੍ਰੋ. ਬਲਜਿੰਦਰ ਕੌਰ, ਜਗਰਾਉਂ ਵਿਧਾਨ ਸਭਾ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ, ਨਾਭਾ ਤੋਂ ਵਿਧਾਇਕ ਗੁਰਦੇਵ ਦੇਵ ਮਾਨ, ਬਠਿੰਡਾ ਦਿਹਾਤੀ ਤੋਂ ਵਿਧਾਇਕ ਸ੍ਰੀ ਅਮਿਤ ਰਤਨ ਤੋਂ ਇਲਾਵਾ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਧਰਮਪਤਨੀ ਸ੍ਰੀਮਤੀ ਸਿਮਰਨਜੀਤ ਕੌਰ ਪਠਾਣਮਾਜਰਾ ਅਤੇ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਦੇ ਧਰਮ ਪਤਨੀ ਸ੍ਰੀਮਤੀ ਸ਼ਮਿੰਦਰ ਕੌਰ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਿ਼ਰਕਤ ਕੀਤੀ।
ਚੀਫ਼ ਵਿਪ ਪ੍ਰੋ. ਬਲਜਿੰਦਰ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਪਣੇ ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲ਼ਣ ਵਿੱਚ ਪੰਜਾਬੀ ਯੂਨੀਵਰਸਿਟੀ ਇੱਕ ਮਿਸਾਲੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਉੱਤੇ ਹਮੇਸ਼ਾ ਮਾਣ ਕਰਦੇ ਹਨ ਕਿ ਉਹ ਉਸ ਯੂਨੀਵਰਸਿਟੀ ਦੀ ਪੈਦਾਇਸ਼ ਹਨ ਜੋ ਪੰਜਾਬ ਦੀ ਰੂਹ ਨਾਲ਼ ਜੁੜੀ ਹੋਈ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਡੇ ਵਿਰਸੇ ਦੀਆਂ ਰੀਤਾਂ ਰਵਾਇਤਾਂ ਨੂੰ ਜਿ਼ੰਦਾ ਰੱਖਣਾ ਸਾਡਾ ਸਭ ਦਾ ਫਰਜ਼ ਹੈ। ਸਾਨੂੰ ਵੱਖ-ਵੱਖ ਢੰਗਾਂ ਨਾਲ਼ ਇਹ ਫਰਜ਼ ਨਿਭਾਉਂਦੇ ਰਹਿਣਾ ਚਾਹੀਦਾ ਹੈ। ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਉਣ ਦੇ ਮਹੀਨੇ ਦਾ ਕੁੜੀਆਂ ਦੀ ਜਿ਼ੰਦਗੀ ਵਿੱਚ ਵਿਸ਼ੇਸ਼ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਵੱਖ-ਵੱਖ ਥਾਵਾਂ ਉੱਤੇ ਸਹੁਰੇ ਜਾ ਵਸੀਆਂ ਕੁੜੀਆਂ ਦੇ ਆਪਸ ਵਿੱਚ ਮਿਲਣ ਦਾ ਸਬੱਬ ਸਿਰਜਦਾ ਹੈ।
ਵਿਧਾਇਕ ਗੁਰਦੇਵ ਮਾਨ ਵੱਲੋਂ ਵੀ ਪੰਜਾਬੀ ਯੂਨੀਵਰਸਿਟੀ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਉਂਦਿਆਂ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਇਸ ਮੌਕੇ ਕੁੱਝ ਸੱਭਿਆਚਾਰਕ ਗੀਤਾਂ ਦੀ ਪੇਸ਼ਕਾਰੀ ਵੀ ਦਿੱਤੀ। ਸਵਾਗਤੀ ਸ਼ਬਦਾਂ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਹਰ ਸਾਲ ਮਨਾਏ ਜਾਂਦੇ ਤੀਆਂ ਦੇ ਇਸ ਤਿਉਹਾਰ ਵਿੱਚ ਸ਼ਾਮਿਲ ਹੋਣ ਲਈ ਸਾਰੀਆਂ ਮਹਿਲਾ ਕਰਮਚਾਰੀਆਂ ਦੇ ਮਨ ਵਿੱਚ ਪੇਕੇ ਜਾਣ ਵਰਗਾ ਚਾਅ ਹੁੰਦਾ ਹੈ।ਪ੍ਰੋਗਰਾਮ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ, ਆਈ. ਏ. ਐੱਸ. ਨੇ ਵੀ ਸਿ਼ਰਕਤ ਕੀਤੀ।
ਇਸ ਮੌਕੇ ਰਜਿਸਟਰਾਰ ਡਾ. ਸੰਜੀਵ ਪੁਰੀ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਮਮਤਾ ਸ਼ਰਮਾ ਵੀ ਸ਼ਾਮਿਲ ਹੋਏ।