ਹੁਸ਼ਿਆਰਪੁਰ : ਗਰੀਬਾਂ ਲਾਚਾਰਾਂ ਅਤੇ ਲਤਾੜੇ ਹੋਏ ਲੋਕਾਂ ਦੀ ਮਦਦ ਕਰਨ ਵਾਲੇ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਪਿੰਕੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ ਧਮਕੀਆਂ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਦੇ ਹੋਏ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਵੱਲੋਂ ਇਸ ਮਾਮਲੇ ਵਿੱਚ ਫੌਰੀ ਤੌਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਹ ਧਮਕੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਫੀਸ਼ੀਅਲ ਈਮੇਲ ਤੇ ਭੇਜੀਆਂ ਗਈਆਂ ਹਨ ਜਿਸ ਬਾਰੇ ਪੰਜਾਬ ਪੁਲਿਸ ਵੱਲੋਂ ਖੁਲਾਸਾ ਵੀ ਕੀਤਾ ਗਿਆ ਹੈ ਇਸ ਸਬੰਧੀ ਪੰਜਾਬ ਪੁਲਿਸ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸ਼ੁਭਮ ਦੁਬੇ ਨਾਂ ਦਾ ਵਿਅਕਤੀ ਜੋ ਫਰੀਦਾਬਾਦ ਦਾ ਰਹਿਣ ਵਾਲਾ ਹੈ ਜਿਸ ਨੇ ਇਹ ਈਮੇਲਾਂ ਕੀਤੀਆਂ ਹਨ ਅਤੇ ਉਹ ਪੂਰਨ ਤੌਰ ਤੇ ਸ਼ੱਕ ਦੇ ਘੇਰੇ ਵਿੱਚ ਹੈ। ਉਨਾਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਹੋਵੇ। ਉਨਾਂ ਯਾਦ ਕਰਵਾਇਆ ਕਿ 2018 ਨੂੰ ਆਈ.ਐਸ.ਆਈ.ਐਸ. ਨੇ ਇਰਾਕ ਵਿਚ 38 ਸਿੱਖਾਂ ਦੀ ਹੱਤਿਆ ਕੀਤੀ ਸੀ ਜਦੋਂ ਕਿ 2021 ਨੂੰ ਪੇਸ਼ਾਵਰ ਵਿਚ ਸਿੱਖ ਡਾ. ਸਤਨਾਮ ਸਿੰਘ ਅਤੇ 1 ਅਕਤੂਬਰ 2021 ਨੂੰ ਸ੍ਰੀਨਗਰ ਵਿਚ ਸਿੱਖ ਪ੍ਰਸੀਪਲ ਸੁਪਿੰਦਰ ਕੌਰ ਨੂੰ ਗੋਲੀ ਮਾਰ ਕੇ ਮਾਰਿਆ ਗਿਆ ਸੀ । ਉਨਾਂ ਦੋਸ਼ ਲਾਇਆ ਕਿ ਇਨਾਂ ਘਟਨਾਵਾਂ 'ਤੇ ਮੋਦੀ ਸਰਕਾਰ ਨੇ ਕੋਈ ਗੰਭੀਰ ਜਾਂਚ ਨਹੀਂ ਕੀਤੀ ਜਦ ਕਿ ਇਸ ਦੀ ਜਾਂਚ ਹੋਣੀ ਬਹੁਤ ਹੀ ਜਰੂਰੀ ਸੀ। ਉਹਨਾਂ ਕਿਹਾ ਕਿ ਜਦੋਂ ਕਾਬੁਲ ਵਿੱਚ ਘਟਨਾ ਹੋਈ ਸੀ ਅਤੇ ਜਿੱਥੇ 25 ਸਿੱਖ ਮਾਰੇ ਗਏ ਸਨ ਮੋਦੀ ਸਰਕਾਰ ਨੇ ਉਸ ਵੇਲੇ ਐਲਾਨ ਕੀਤਾ ਸੀ ਕਿ ਐਨ ਆਈ ਏ ਇਸਦੀ ਜਾਂਚ ਕਰੇਗੀ ਪਰ ਅਜੇ ਤੱਕ ਉਸ ਦੀ ਵੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ। ਉਨਾਂ ਮੰਗ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲੀਆਂ ਧਮਕੀਆਂ ਦੀ ਜਾਂਚ ਸਖ਼ਤੀ ਨਾਲ ਕੀਤੀ ਜਾਵੇ ਅਤੇ ਸ਼ੱਕੀ ਵਿਅਕਤੀਆਂ ਉਤੇ ਯੂ ਏ ਪੀ ਏ ਅਤੇ ਐਨ.ਐਸ ਏ ਲਗਾਇਆ ਜਾਵੇ ਤਾਂ ਕਿ ਕੋਈ ਵੀ ਵਿਅਕਤੀ ਇਹੋ ਜਿਹੀ ਘਿਨੌਉਣੀ ਹਰਕਤ ਕਰਨ ਤੋਂ ਪਹਿਲਾਂ 100 ਵਾਰੀ ਸੋਚੇ