ਕੁਰਾਲੀ : ਖਰੜ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਪਹਿਲਾਂ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਅਤੇ ਫਿਰ ਅਚਾਨਕ ਦੁਬਾਰਾ ਵਿਧਾਇਕ ਬਣੇ ਰਹਿਣ ਦੇ ‘ਯੂ-ਟਰਨ’ ਕਾਰਨ ਹਲਕਾ ਵਾਸੀਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ। ਇਸ ਘਟਨਾਕ੍ਰਮ ਤੋਂ ਬਾਅਦ ਹਲਕੇ ਵਿੱਚ ਆਏ ਸਿਆਸੀ ਭੁਚਾਲ ਦੌਰਾਨ ਅੱਜ ਅਕਾਲੀ ਦਲ ਦੇ ਯੂਥ ਵਿੰਗ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਖੇੜਾ ਨੇ ਆਪਣੇ ਸਾਥੀਆਂ ਨਾਲ ਪ੍ਰੈਸ ਕਾਨਫਰੰਸ ਕਰਦਿਆਂ 'ਆਪ' ਅਤੇ ਵਿਧਾਇਕਾ ਅਨਮੋਲ ਗਗਨ ਮਾਨ ਤੋਂ ਇਸ ਸਬੰਧੀ ਤੱਥ ਜਨਤਕ ਕਰਨ ਦੀ ਮੰਗ ਕੀਤੀ ਹੈ। ਸਥਾਨਕ ਸ਼ਹਿਰ ਦੇ ਚੰਡੀਗੜ੍ਹ ਮਾਰਗ 'ਤੇ ਸਥਿਤ ਇੱਕ ਹੋਟਲ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਹਲਕਾ ਖਰੜ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ 'ਆਪ' ਉਮੀਦਵਾਰ ਅਨਮੋਲ ਗਗਨ ਮਾਨ ਨੂੰ ਵੱਡੀਆਂ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੇ ਵਿਕਾਸ ਅਤੇ ਬਦਲਾਅ ਦੀ ਉਮੀਦ ਨਾਲ ਉਨ੍ਹਾਂ ਨੂੰ ਚੁਣਿਆ ਸੀ। ਖੇੜਾ ਨੇ ਅੱਗੇ ਕਿਹਾ ਕਿ ਹੁਣ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਪਹਿਲਾਂ ਤਾਂ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਗਿਆ, ਅਤੇ ਹੁਣ ਪਾਰਟੀ ਦੇ ਸੂਬਾ ਪ੍ਰਧਾਨ ਵੱਲੋਂ ਵਿਧਾਇਕਾਂ ਨਾਲ ਮੀਟਿੰਗ ਕਰਦੇ ਹੋਏ ਅਸਤੀਫ਼ਾ ਨਾ-ਮਨਜ਼ੂਰ ਹੋਣ ਅਤੇ ਹਲਕੇ ਵਿੱਚ ਪਹਿਲਾਂ ਵਾਂਗ ਵਿਚਰਦੇ ਰਹਿਣ ਦੇ ਐਲਾਨ ਨੇ ਹਲਕੇ ਦੇ ਲੋਕਾਂ ਵਿੱਚ ਕਈ ਪ੍ਰਕਾਰ ਦੇ ਸ਼ੰਕੇ ਪੈਦਾ ਕਰ ਦਿੱਤੇ ਹਨ। ਅਕਾਲੀ ਆਗੂ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਪਾਰਦਰਸ਼ਤਾ ਦੀ ਘਾਟ ਹੈ। ਉਨ੍ਹਾਂ ਮੰਗ ਕੀਤੀ ਕਿ 'ਆਪ' ਲੀਡਰਸ਼ਿਪ ਅਤੇ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਇਸ ਸਾਰੇ ਘਟਨਾਕ੍ਰਮ ਪਿੱਛੇ ਦੇ ਕਾਰਨਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਲੋਕਾਂ ਸਾਹਮਣੇ ਸੱਚਾਈ ਪੇਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ 'ਤੇ ਸਪੱਸ਼ਟਤਾ ਨਾ ਦਿੱਤੀ ਗਈ ਤਾਂ ਅਕਾਲੀ ਦਲ ਇਸ ਮੁੱਦੇ ਨੂੰ ਲੋਕਾਂ ਵਿੱਚ ਲੈ ਕੇ ਜਾਵੇਗਾ ਅਤੇ 'ਆਪ' ਦੀ ਦੋਹਰੀ ਨੀਤੀ ਦਾ ਪਰਦਾਫਾਸ਼ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਲੱਕੀ ਯੂਥ ਆਗੂ,ਦਵਿੰਦਰ ਸਿੰਘ ਪਿੰਕਾ, ਮਨਮੋਹਨ ਸਿੰਘ ਮਾਵੀ ਸਾਬਕਾ ਸਰਪੰਚ ਬੜੌਦੀ, ਗੁਰਮੁਖ ਸਿੰਘ ਸਾਬਕਾ ਸਰਪੰਚ ਭੂਪਨਗਰ, ਰਣਜੀਤ ਸਿੰਘ ਨੋਨਾ ਪਡਿਆਲਾ, ਅਰਵਿੰਦਰ ਸਿੰਘ ਕਾਲੇਵਾਲ, ਬਲਵੀਰ ਸਿੰਘ ਧੰਮਾ, ਗੁਰਜੀਤ ਸਿੰਘ, ਅਮਨਦੀਪ ਸਿੰਘ ਅੰਮੂ, ਮਨਜੀਤ ਸਿੰਘ ਬੜੌਦੀ, ਅਮਰਜੀਤ ਸਿੰਘ ਗੋਲਡੀ, ਸੰਦੀਪ ਸਿੰਘ ਬੂਥਗੜ੍ਹ, ਗੁਰਦੀਪ ਸਿੰਘ ਹੁਸ਼ਿਆਰਪੁਰ, ਜਸਵੀਰ ਸਿੰਘ ਬੂਥਗੜ੍ਹ, ਗੁਰਦੀਪ ਸਿੰਘ ਬਜੀਦਪੁਰ, ਗੌਰਵ ਜੈਨ,ਹਰਜੀਤ ਸਿੰਘ ਸਿੰਗਾਰੀਵਾਲ, ਵਰਿੰਦਰ ਸਿੰਘ ਚਨਾਲੋਂ ਸਮੇਤ ਇਲਾਕੇ ਦੇ ਯੂਥ ਅਕਾਲੀ ਵਰਕਰ ਹਾਜ਼ਰ ਸਨ।