ਅੰਮ੍ਰਿਤਸਰ ਨੂੰ ਦੁਬਾਰਾ ਉਨ੍ਹਾਂ ਉਚਾਈਆਂ ’ਤੇ ਲਿਜਾਣ ਲਈ ਉਤਸੁਕ ਹਾਂ ਜਿਸ ਦਾ ਇਹ ਸ਼ਹਿਰ ਹੱਕਦਾਰ ਹੈ : ਤਰਨਜੀਤ ਸਿੰਘ ਸੰਧੂ
ਅੰਮ੍ਰਿਤਸਰ : ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ, ਯੂਐਸ-ਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫੋਰਮ ਦੇ ਮੌਜੂਦਾ ਸਲਾਹਕਾਰ ਅਤੇ ਜੀਓਪੌਲਿਟਿਕਲ ਇੰਸਟੀਚਿਊਟ ਦੇ ਚੇਅਰਮੈਨ ਸ. ਤਰਨਜੀਤ ਸਿੰਘ ਸੰਧੂ ਨੇ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਦੇ ਵਿਕਾਸ ਦਾ ਜੋ ਸੰਕਲਪ ਪੇਸ਼ ਕੀਤਾ ਉਸ ਨੂੰ ਸਾਕਾਰ ਕਰਨ ਲਈ "ਵਿਕਸਿਤ ਅੰਮ੍ਰਿਤਸਰ" ਰਾਹੀਂ ਪੂਰੀ ਤਤਪਰਤਾ ਨਾਲ ਕੰਮ ਕਰਨਾ ਜਾਰੀ ਰੱਖਿਆ ਹੋਇਆ ਹੈ। ਉਹ ਪ੍ਰਵਾਸੀ ਭਾਰਤੀਆਂ, ਖ਼ਾਸ ਕਰਕੇ ਅੰਮ੍ਰਿਤਸਰ ਨਾਲ ਜੁੜੇ ਗਲੋਬਲ ਭਾਰਤੀ ਭਾਈਚਾਰੇ ਦੇ ਸਮਰਥਨ ਨਾਲ ਅੰਮ੍ਰਿਤਸਰ ਦੀ ਆਰਥਿਕ, ਆਧੁਨਿਕ ਅਤੇ ਸਮਾਜਿਕ ਤਸਵੀਰ ਨੂੰ ਬਦਲਣ ਵਿੱਚ ਰੁੱਝੇ ਹੋਏ ਹਨ।
ਭਾਵੇਂ ਅੰਮ੍ਰਿਤਸਰ ਇਤਿਹਾਸਕ ਤੌਰ 'ਤੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਰਿਹਾ ਹੈ, ਪਰ ਅੱਜ ਵੀ ਇਹ ਸ਼ਹਿਰ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਨਾਲ ਜੂਝ ਰਿਹਾ ਹੈ ਅਤੇ ਇੱਕ ਚੌਰਾਹੇ 'ਤੇ ਖੜ੍ਹਾ ਹੈ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ "ਵਿਕਸਿਤ ਅੰਮ੍ਰਿਤਸਰ" ਅਧੀਨ ਠੋਸ ਯਤਨ ਕੀਤੇ ਜਾ ਰਹੇ ਹਨ। ਇਹ ਪਹਿਲਕਦਮੀ ਸਿਹਤ, ਸੈਰ-ਸਪਾਟਾ, ਖੇਤੀਬਾੜੀ, ਉਦਯੋਗ, ਵਪਾਰ, ਸਿੱਖਿਆ, ਸੂਚਨਾ ਤਕਨਾਲੋਜੀ, ਮਹਿਲਾ ਸਸ਼ਕਤੀਕਰਨ ਅਤੇ ਨੌਜਵਾਨ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਵਰਗੇ ਖੇਤਰਾਂ 'ਤੇ ਕੇਂਦਰਿਤ ਹੈ। "ਵਿਕਸਿਤ ਅੰਮ੍ਰਿਤਸਰ" ਦਾ ਕੇਂਦਰੀ ਦਫ਼ਤਰ ਸਮੁੰਦਰੀ ਹਾਊਸ, ਅੰਮ੍ਰਿਤਸਰ ਵਿਖੇ ਸਥਾਪਿਤ ਕੀਤਾ ਗਿਆ ਹੈ।
ਸ. ਤਰਨਜੀਤ ਸਿੰਘ ਸੰਧੂ "ਵਿਕਸਿਤ ਅੰਮ੍ਰਿਤਸਰ" ਦੇ ਸੰਸਥਾਪਕ ਅਤੇ ਸੀਨੀਅਰ ਭਾਜਪਾ ਨੇਤਾ ਤੋਂ ਇਲਾਵਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦੇ ਭਰੋਸੇਮੰਦ ਸਹਾਇਕ ਵੀ ਹਨ ਨੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਿਹਾ ਕਿ ਸੰਸਥਾ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਜੋ ਕਿ ਜਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਵਿੱਚ ਲੱਗੀ ਹੋਈ ਹੈ ਅਤੇ ਚਿਨਮਯਾ ਮਿਸ਼ਨ, ਅੰਮ੍ਰਿਤਸਰ, ਜੋ ਕਿ ਧਰਮ ਗ੍ਰੰਥਾਂ ਦੇ ਸ਼ੁੱਧ ਗਿਆਨ ਦੇ ਪ੍ਰਸਾਰ ਵਿੱਚ ਯੋਗਦਾਨ ਪਾਉਣ ਵਾਲੀ ਇੱਕ ਅਧਿਆਤਮਿਕ ਸੰਸਥਾ ਹੈ, ਦਾ ਸਮਰਥਨ ਅਤੇ ਮਾਲੀ ਯੋਗਦਾਨ ਪਾ ਕੇ ਖੁੱਸ ਹੈ, ਇਸ ਤੋਂ ਇਲਾਵਾ ਰੋਟਰੀ ਇੰਟਰਨੈਸ਼ਨਲ ਕਲੱਬ ਵੱਲੋਂ ਅਜਨਾਲਾ ਦੇ ਨੇੜੇ ਬਣਾਏ ਜਾ ਰਹੇ ਰੋਟਰੀ ਇੰਟਰਨੈਸ਼ਨਲ ਹਸਪਤਾਲ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਸ. ਸੰਧੂ ਨੇ ਅੱਗੇ ਕਿਹਾ ਕਿ 'ਵਿਕਸਿਤ ਅੰਮ੍ਰਿਤਸਰ' ਨੇ ਅੰਮ੍ਰਿਤਸਰ ਨੂੰ ਇੱਕ ਗਲੋਬਲ ਵਿੱਦਿਅਕ ਅਤੇ ਉਦਯੋਗਿਕ ਹੱਬ ਬਣਾਉਣ ਵੱਲ ਵੀ ਮਹੱਤਵਪੂਰਨ ਕਦਮ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ’ਵਿਕਸਤ ਅੰਮ੍ਰਿਤਸਰ’ ਨੇ ਪਹਿਲੇ ਪੜਾਅ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਅਤੇ ਮੈਰੀਲੈਂਡ ਸਟੇਟ ਯੂਨੀਵਰਸਿਟੀ (USA) ਵਿਚਕਾਰ ਸਹਿਯੋਗ ਸਥਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜੀਐਨਡੀਯੂ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਪਹਿਲਾਂ ਹੀ ਮੈਰੀਲੈਂਡ ਯੂਨੀਵਰਸਿਟੀ ਦਾ ਦੌਰਾ ਕਰ ਚੁੱਕੇ ਹਨ ਅਤੇ ਜਲਦੀ ਹੀ ਮੈਰੀਲੈਂਡ ਸਟੇਟ ਦੇ ਗਵਰਨਰ ਜੀਐਨਡੀਯੂ ਨਾਲ MOU 'ਤੇ ਦਸਤਖਤ ਕਰਨ ਅਤੇ ਕੰਪਿਊਟਰ ਸਾਇੰਸ ਦੇ ਖੇਤਰ ਵਿੱਚ ਆਧੁਨਿਕ ਪਹੁੰਚ ਅਪਣਾਉਣ ਲਈ ਇੱਕ ਵਫ਼ਦ ਨਾਲ ਅੰਮ੍ਰਿਤਸਰ ਦਾ ਦੌਰਾ ਕਰਨਗੇ। ਉਨ੍ਹਾਂ ਦੱਸਿਆ ਕਿ ਵਿਕਸਤ ਅੰਮ੍ਰਿਤਸਰ ਮੈਰੀਲੈਂਡ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰੇਗਾ।
ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਇੰਸਟੀਚਿਊਟ ਆਫ਼ ਪਲੈਨਿੰਗ ਐਂਡ ਆਰਕੀਟੈਕਚਰ ਦੇ ਡਾਇਰੈਕਟਰ ਡਾ. ਵਰਿੰਦਰ ਕੁਮਾਰ ਪਾਲ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਇੱਕ MOU 'ਤੇ ਦਸਤਖਤ ਕਰਨ ਲਈ ਆ ਰਹੇ ਹਨ, ਜੋ ਅੰਮ੍ਰਿਤਸਰ ਦੇ ਯੋਜਨਾਬੱਧ ਵਿਕਾਸ ਅਤੇ ਸੁੰਦਰੀਕਰਨ 'ਤੇ ਖੋਜ ਕਰਨਗੇ। ਇਨ੍ਹਾਂ ਸਾਰੇ ਯਤਨਾਂ ਰਾਹੀਂ, ਅੰਮ੍ਰਿਤਸਰ ਨੂੰ ਕਾਰੋਬਾਰ, ਉਦਯੋਗ ਅਤੇ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਇੱਕ ਯੋਜਨਾ ਤਿਆਰ ਕੀਤੀ ਜਾਵੇਗੀ।
ਸ. ਸੰਧੂ ਨੇ ਸਪੱਸ਼ਟ ਕੀਤਾ ਕਿ ਇਹ ਸਾਰੀਆਂ ਪਹਿਲਕਦਮੀਆਂ ਨਿੱਜੀ ਅਤੇ ਸਵੈ-ਇੱਛਿਤ ਹਨ। ਉਨ੍ਹਾਂ ਅਪੀਲ ਕੀਤੀ ਕਿ “ਜੇ ਅਸੀਂ ਅੰਮ੍ਰਿਤਸਰ ਦੇ ਲੋਕ ਧਰਮ, ਜਾਤ ਅਤੇ ਪਾਰਟੀ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਇੱਕਜੁੱਟ ਹੋਈਏ, ਤਾਂ ਅਸੀਂ ਆਪਣੇ ਸ਼ਹਿਰ ਦੀ ਕਿਸਮਤ ਬਦਲ ਸਕਦੇ ਹਾਂ। ਅੰਮ੍ਰਿਤਸਰ ਇੱਕ ਨਵੀਂ ਚਮਕ ਅਤੇ ਇੱਕ ਨਵੀਂ ਪਛਾਣ ਨਾਲ ਉੱਭਰ ਸਕਦਾ ਹੈ।”
ਉਨ੍ਹਾਂ ਦੁਹਰਾਇਆ ਕਿ “ਵਿਕਸਤ ਅੰਮ੍ਰਿਤਸਰ” ਸਿਰਫ਼ ਇੱਕ ਪਹਿਲਕਦਮੀ ਨਹੀਂ ਹੈ, ਸਗੋਂ ਇੱਕ ਵਜ਼ਨ , ਸਮਰਪਣ ਅਤੇ ਜ਼ਿੰਮੇਵਾਰੀ ਦੀ ਲਹਿਰ ਹੈ, ਜੋ ਅੰਮ੍ਰਿਤਸਰ ਨੂੰ ਉਨ੍ਹਾਂ ਉਚਾਈਆਂ 'ਤੇ ਲਿਜਾਣ ਲਈ ਵਚਨਬੱਧ ਹੈ ਜਿਨ੍ਹਾਂ ਦਾ ਇਹ ਇਤਿਹਾਸਕ ਸ਼ਹਿਰ ਹੱਕਦਾਰ ਹੈ।