ਕਿਹਾ ਲੋਕ 2027 ਚ ਦੇਣਗੇ ਜ਼ਬਰ ਦਾ ਜਵਾਬ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਪੁਲਿਸ ਰਾਜ ਬਣਾ ਦਿੱਤਾ ਹੈ ਅਜਿਹਾ ਵਰਤਾਰਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਬੰਦੀ ਦਾ ਤਰਕ ਹੈ ਕਿ ਲੋਕਤੰਤਰੀ ਰਾਜ ਪ੍ਰਣਾਲੀ ਵਿੱਚ ਹੱਕਾਂ ਲਈ ਸੰਘਰਸ਼ ਕਰਨਾ ਹਰ ਮਨੁੱਖ ਦਾ ਜਮਹੂਰੀ ਹੱਕ ਹੈ। ਸੋਮਵਾਰ ਨੂੰ ਸੁਨਾਮ ਬਲਾਕ ਦੇ ਪਿੰਡ ਕਣਕਵਾਲ ਭੰਗੂਆਂ ਅਤੇ ਫਲੇੜਾ ਦੀਆਂ ਪਿੰਡ ਇਕਾਈਆਂ ਦਾ ਗਠਿਨ ਕਰਨ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਪੰਜਾਬ ਨੂੰ ਪੁਲਿਸ ਰਾਜ ਬਣਾਇਆ ਹੋਇਆ ਹੈ। ਸੂਬਾ ਸਰਕਾਰ ਦੀ ਹੈਂਕੜ ਭੰਨਣ ਲਈ ਪੁਲਿਸ ਜਬਰ ਦੇ ਖਿਲਾਫ ਐਸ ਕੇ ਐਮ ਦੇ ਸੱਦੇ ਤਹਿਤ 25 ਜੁਲਾਈ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਸਾਹਮਣੇ ਸੂਬਾ ਪੱਧਰੀ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਵੱਡੀ ਪੱਧਰ ਤੇ ਪੁਲਿਸ ਦੀਆਂ ਡੋਰਾਂ ਜਿਆਦਾ ਖੁੱਲੀਆਂ ਛੱਡ ਦਿੱਤੀਆਂ ਹਨ, ਲੋਕਤੰਤਰੀ ਰਾਜ ਪ੍ਰਣਾਲੀ ਵਿੱਚ ਅਜਿਹਾ ਵਰਤਾਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਹੱਕ ਮੰਗਣ ਦਾ ਮੌਲਿਕ ਅਧਿਕਾਰ ਮਿਲਿਆ ਹੋਇਆ ਹੈ। ਹੱਕ ਮੰਗਦੇ ਜੇਲਾਂ ਵਿੱਚ ਬੰਦ ਕਿਸਾਨਾਂ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਜੇਕਰ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਬੰਦ ਨਾ ਕੀਤਾ ਤਾਂ ਆਉਣ ਵਾਲੇ ਸੰਘਰਸ਼ ਹੋਰ ਤਿੱਖੇ ਹੋਣਗੇ ਜਿਸ ਦਾ ਸੇਕ ਸਰਕਾਰ ਤੋਂ ਝੱਲਿਆ ਨਹੀਂ ਜਾਣਾ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਸੀਆ ਜ਼ਬਰ ਦਾ ਬਦਲਾ ਲੋਕ 2027 ਵਿੱਚ ਜ਼ਰੂਰ ਲੈਣਗੇ। ਇਸ ਮੌਕੇ ਫਲੇੜਾ ਇਕਾਈ ਦਾ ਪ੍ਰਧਾਨ ਗੁਰਬਖਸ਼ ਸਿੰਘ, ਸੈਕਟਰੀ ਅਜਾਇਬ ਸਿੰਘ ,ਖਜਾਨਚੀ ਸੁੱਖਾ ਸਿੰਘ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ, ਮੀਤ ਪ੍ਰਧਾਨ ਅਮਰਜੀਤ ਸਿੰਘ, ਸੰਗਠਨ ਸਕੱਤਰ ਸਾਧੂ ਸਿੰਘ, ਮੁੱਖ ਸਲਾਹਕਾਰ ਗੁਰਚਰਨ ਸਿੰਘ ਅਤੇ ਪਿੰਡ ਕਣਕਵਾਲ ਭੰਗੂਆਂ ਇਕਾਈ ਦਾ ਪ੍ਰਧਾਨ ਸੰਸਾਰ ਸਿੰਘ, ਸੈਕਟਰੀ ਕਾਟੂ ਸਿੰਘ, ਖਜਾਨਚੀ ਕਰਮਜੀਤ ਸਿੰਘ ਕਰਮਾ, ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ, ਮੀਤ ਪ੍ਰਧਾਨ ਸ਼ਿੰਗਾਰਾ ਸਿੰਘ, ਸੰਗਠਨ ਸਕੱਤਰ ਨਿਰਭੈ ਸਿੰਘ ਮੁੱਖ ਸਲਾਹਕਾਰ ਨਿਰਭੈ ਧੰਦੀਵਾਲ, ਸਲਾਹਕਾਰ ਮਿੱਠੂ ਸਿੰਘ, ਸਲਾਹਕਾਰ ਲੈਂਬਰ ਸਿੰਘ, ਮੈਂਬਰ ਗੁਰਦਿਆਲ ਸਿੰਘ, ਬਲਦੇਵ ਸਿੰਘ, ਜੀਵਨ ਸਿੰਘ ਹਾਜ਼ਰ ਸਨ।