ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਮਰੀਕਾ ’ਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਦੀ ਯੂਐੱਸ-ਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫੋਰਮ (ਯੂ.ਐਸ.ਆਈ.ਐਸ.ਪੀ.ਐਫ)ਦੇ ਬੋਰਡ ਦੇ ਐਡਵਾਈਜ਼ਰ ਅਤੇ ਜੀਓਪੌਲਿਟਿਕਲ ਇੰਸਟੀਚਿਊਟ ਦੇ ਚੇਅਰਮੈਨ ਵਜੋਂ ਨਿਯੁਕਤੀ ਨਾ ਸਿਰਫ਼ ਉਨ੍ਹਾਂ ਦੀ ਕੂਟਨੀਤਕ ਮਹਾਨਤਾ ਅਤੇ ਸੂਝਵਾਨ ਦ੍ਰਿਸ਼ਟੀਕੋਣ ਦੀ ਪੁਸ਼ਟੀ ਹੈ, ਸਗੋਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੈ ਜੋ ਭਾਰਤ-ਅਮਰੀਕਾ ਸਬੰਧਾਂ ਨੂੰ ਨਵੀਂਆਂ ਉਚਾਈਆਂ 'ਤੇ ਲੈ ਜਾਵੇਗਾ।
ਪ੍ਰੋ. ਸਰਚਾਂਦ ਸਿੰਘ ਅਤੇ ਡਾ. ਰਣਬੀਰ ਸਿੰਘ ਨੇ ਸ. ਪਰਮਿੰਦਰ ਸਿੰਘ ਸੰਧੂ ਦੀ ਮੌਜੂਦਗੀ ਵਿੱਚ ਸ. ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਾਪਤੀ ਸ੍ਰੀ ਅੰਮ੍ਰਿਤਸਰ ਅਤੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਸਥਾਨਕ ਰਾਜਨੀਤੀ, ਸਮਾਜਿਕ ਅਤੇ ਵਿਦੇਸ਼ੀ ਮਾਮਲਿਆਂ 'ਤੇ ਗੰਭੀਰਤਾ ਨਾਲ ਚਰਚਾ ਕਰਦੇ ਹੋਏ, ਉਨ੍ਹਾਂ ਨੇ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਬਾਰੇ ਕੀਮਤੀ ਵਿਚਾਰ ਸਾਂਝੇ ਕੀਤੇ ਅਤੇ ਸ. ਸੰਧੂ ਤੋਂ ਮਾਰਗ ਦਰਸ਼ਨ ਪ੍ਰਾਪਤ ਕੀਤਾ ।
ਜਾਰੀ ਇਕ ਬਿਆਨ ’ਚ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸ. ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਡਾ. ਜੈ ਸ਼ੰਕਰ ਦੇ ਸਭ ਤੋਂ ਭਰੋਸੇਮੰਦ ਸ਼ਖ਼ਸੀਅਤ ਵਜੋਂ ਨਵੀਂ ਦਿੱਲੀ ਵੱਲੋਂ ਵਿਦੇਸ਼ੀ ਰਣਨੀਤਕ ਮੋਰਚੇ 'ਤੇ ਭੇਜੇ ਗਏ ਸਭ ਤੋਂ ਸਫਲ ਅਤੇ ਸੰਵੇਦਨਸ਼ੀਲ ਦੂਤ ਵਜੋਂ ਆਪਣੀ ਪਹਿਚਾਣ ਬਣਾਈ। ਸ. ਸੰਧੂ ਨੇ ਸੰਯੁਕਤ ਰਾਜ ਅਮਰੀਕਾ ਵਿੱਚ ਚਾਰ ਵਾਰੀ ਸੇਵਾ ਨਿਭਾਈ ਅਤੇ ਤਿੰਨ ਵਾਰੀ ਵਾਸ਼ਿੰਗਟਨ ਵਿੱਚ ਰਹਿ ਕੇ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ। ਉਹਨਾਂ ਦੀ ਦੂਰਅੰਦੇਸ਼ੀ, ਗੰਭੀਰਤਾ ਅਤੇ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਨੇ ਭਾਰਤ-ਅਮਰੀਕਾ ਸੰਬੰਧਾਂ ਨੂੰ ਰਣਨੀਤਕ ਦੋਸਤੀ ਤੋਂ ਪਰੇ ਇੱਕ ਭਰੋਸੇਯੋਗ ਵਿਸ਼ਵ-ਵਿਆਪੀ ਭਾਈਵਾਲੀ ਵਿੱਚ ਲੈ ਜਾਇਆ ਹੈ।
ਉਨ੍ਹਾਂ ਕਿਹਾ ਕਿ ਇਹ ਸ. ਸੰਧੂ ਦੀ ਸਖ਼ਤ ਮਿਹਨਤ ਅਤੇ ਮਹੱਤਵਪੂਰਨ ਭੂਮਿਕਾ ਦਾ ਨਤੀਜਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਮੌਜੂਦਾ ਡੋਨਾਲਡ ਟਰੰਪ ਦੇ ਇਤਿਹਾਸਕ ਭਾਰਤੀ ਦੌਰਿਆਂ ਨੇ ਵਿਸ਼ਵ ਰਾਜਨੀਤੀ ’ਚ ਨਵੀਂਆਂ ਪੈੜਾਂ ਪਾਈਆਂ। ਅੱਜ ਭਾਰਤ-ਅਮਰੀਕਾ ਸਮਝੌਤਾ ਨਾ ਸਿਰਫ਼ ਵਪਾਰ, ਸੂਰਜੀ ਊਰਜਾ, ਨਵੀਨਤਮ ਤਕਨਾਲੋਜੀ ਵਰਗੇ ਰਣਨੀਤਕ ਖੇਤਰਾਂ ਨੂੰ ਕਵਰ ਕਰਦਾ ਹੈ, ਇਹ ਪੁਲਾੜ, ਸਿੱਖਿਆ ਅਤੇ ਰੱਖਿਆ ਦੇ ਖੇਤਰਾਂ ਵਿੱਚ ਕੇਂਦਰੀ ਭੂਮਿਕਾ ਨਿਭਾ ਰਿਹਾ ਹੈ, ਅਤੇ ਹੁਣ ਆਪਣੀ ਰਣਨੀਤਕ ਦੂਰਦਰਸ਼ਤਾ ਨਾਲ ਵਿਸ਼ਵ ਸ਼ਾਂਤੀ, ਵਿਕਾਸ ਅਤੇ ਸਾਂਝੇ ਮੁੱਲਾਂ ਦਾ ਇੱਕ ਆਦਰਸ਼ ਮਾਡਲ ਬਣ ਰਿਹਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਜੀਓਪੌਲਿਟਿਕਲ ਇੰਸਟੀਚਿਊਟ ਦੇ ਚੇਅਰਮੈਨ ਅਤੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ (USISPF) ਦੇ ਸਲਾਹਕਾਰ ਵਜੋਂ ਆਪਣੇ ਰਣਨੀਤਕ ਤਜਰਬੇ ਅਤੇ ਦੂਰਦਰਸ਼ਤਾ ਨਾਲ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ, ਇੰਡੋ-ਪੈਸੀਫਿਕ ਕਵਾਡ ਅਤੇ ਭਾਰਤ, ਇਜ਼ਰਾਈਲ, ਅਮਰੀਕਾ, ਯੂਏਈ ਵਰਗੀਆਂ ਪਹਿਲਕਦਮੀਆਂ ਲਈ ਇੱਕ ਨਵੀਂ ਦਿਸ਼ਾ ਤੈਅ ਕਰੇਗਾ। ਮੈਨੂੰ ਯਕੀਨ ਹੈ ਕਿ ਇਸ ਨਵੀਂ ਭੂਮਿਕਾ ਵਿੱਚ,ਸ. ਸੰਧੂ ਦੋਵਾਂ ਦੇਸ਼ਾਂ ਵਿਚਕਾਰ ਸਭ ਤੋਂ ਮਹੱਤਵਪੂਰਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣਗੇ।”
ਉਨ੍ਹਾਂ ਕਿਹਾ ਕਿ ਇਸ ਫੋਰਮ ਦੇ ਵਾਸ਼ਿੰਗਟਨ ਡੀਸੀ ਅਤੇ ਨਵੀਂ ਦਿੱਲੀ ਵਿੱਚ ਦਫ਼ਤਰ ਹਨ। ਇਸ ਦੇ ਮੈਂਬਰਾਂ ਵਿੱਚ ਵਿਸ਼ਵ ਪੱਧਰੀ ਕੰਪਨੀਆਂ ਸ਼ਾਮਲ ਹਨ ਜਿਨ੍ਹਾਂ ਦਾ ਕੁੱਲ ਬਾਜ਼ਾਰ ਮੁੱਲ 10 ਟ੍ਰਿਲੀਅਨ ਡਾਲਰ ਤੋਂ ਵੱਧ ਅਤੇ 60 ਲੱਖ ਤੋਂ ਵੱਧ ਕਰਮਚਾਰੀ ਹਨ। ਇਹ ਫੋਰਮ ਲੰਬੇ ਸਮੇਂ ਤੋਂ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਸਰਕਾਰੀ ਅਤੇ ਨਿੱਜੀ ਖੇਤਰਾਂ ਵਿਚਕਾਰ ਦੋਸਤਾਨਾ ਸਬੰਧ ਬਣਾਉਣ ਵਿਚ ਇੱਕ ਪੁਲ ਵਜੋਂ ਕੰਮ ਕਰ ਰਿਹਾ ਹੈ।