ਕੁਰਾਲੀ : ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਅੱਜ ਵਿਧਾਨ ਸਭਾ ਹਲਕਾ ਖਰੜ ਦੇ ਕਾਂਗਰਸੀ ਵਰਕਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ 21 ਜੁਲਾਈ ਨੂੰ ਗਮਾਡਾ ਦਫ਼ਤਰ ਮੋਹਾਲੀ ਵਿਖੇ ਹੋਣ ਵਾਲੇ ਰਾਜ ਪੱਧਰੀ ਰੋਸ ਪ੍ਰਦਰਸ਼ਨ ਸਬੰਧੀ ਤਿਆਰੀਆਂ 'ਤੇ ਵਿਚਾਰ ਵਟਾਂਦਰਾ ਹੋਇਆ ਅਤੇ ਵਰਕਰਾਂ ਦੀਆਂ ਰੋਸ ਪ੍ਰਦਰਸ਼ਨ ਵਿੱਚ ਪਹੁੰਚਣ ਲਈ ਡਿਊਟੀਆਂ ਲਗਾਈਆਂ ਗਈਆਂ। ਇਹ ਧਰਨਾ ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਇਹ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਗ੍ਰਹਿਣ ਕਰਨ ਦੀ ਜ਼ਬਰਦਸਤੀ ਅਤੇ ਤਾਨਾਸ਼ਾਹੀ ਨੀਤੀਆਂ ਦੇ ਵਿਰੋਧ ਵਿੱਚ ਹੈ। ਰਣਜੀਤ ਸਿੰਘ ਜੀਤੀ ਪਡਿਆਲਾ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਸਰਕਾਰ ਕਿਸਾਨ ਵਿਰੋਧੀ ਅਤੇ ਜਨ ਵਿਰੋਧੀ ਫੈਸਲੇ ਲੈ ਰਹੀ ਹੈ। ਜ਼ਮੀਨਾਂ ਦੀ ਜ਼ਬਰਦਸਤੀ ਗ੍ਰਹਿਣ ਕਰਨਾ ਕਿਸਾਨਾਂ ਦੀ ਰੋਜ਼ੀ ਰੋਟੀ ਖੋਹਣ ਦੇ ਬਰਾਬਰ ਹੈ। ਉਨ੍ਹਾਂ ਜ਼ਿਲ੍ਹਾ ਮੋਹਾਲੀ ਦੇ ਸਾਰੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ 21 ਜੁਲਾਈ ਨੂੰ ਵੱਡੀ ਗਿਣਤੀ ਵਿੱਚ ਗਮਾਡਾ ਦਫ਼ਤਰ ਮੋਹਾਲੀ ਸਾਹਮਣੇ ਪਹੁੰਚ ਕੇ ਇਸ ਰੋਸ ਪ੍ਰਦਰਸ਼ਨ ਸਫਲ ਬਣਾਉਣ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਖਰੜ ਦੇ ਸਾਬਕਾ ਪ੍ਰਧਾਨ ਗੁਰਿੰਦਰ ਸਿੰਘ ਗਿੱਲ ਬਡਾਲਾ, ਸਾਬਕਾ ਕੌਂਸਲਰ ਮਲਾਗਰ ਸਿੰਘ, ਕੌਂਸਲਰ ਰਮਾਕਾਂਤ ਕਾਲੀਆ, ਡਾ. ਰਘਬੀਰ ਸਿੰਘ ਬੰਗੜ, ਸੁਖਦੇਵ ਸਿੰਘ ਬਰੌਲੀ, ਜਸਪ੍ਰੀਤ ਸਿੰਘ ਬਦਨਪੁਰ, ਯੂਥ ਕਾਂਗਰਸ ਹਲਕਾ ਖਰੜ ਦੇ ਪ੍ਰਧਾਨ ਮਨਜਿੰਦਰ ਸਿੰਘ, ਯੂਥ ਕਾਂਗਰਸ ਦੇ ਸਕੱਤਰ ਜਸਕੀਰਤ ਸਿੰਘ ਰਤੀਆ, ਦੀਪਕ ਗੌਤਮ ਜੱਗੀ, ਨੀਲੂ ਖਰੜ, ਨਰਿੰਦਰ ਸਿੰਘ ਰੰਮਾ, ਜਗਦੀਪ ਸਿੰਘ ਬਾਠ, ਪਰਵਿੰਦਰ ਸਿੰਘ ਸੈਣੀ ਅਤੇ ਹਰਵਿੰਦਰ ਸਿੰਘ ਕੰਗ ਵੀ ਹਾਜ਼ਰ ਸਨ।