ਸੁਨਾਮ : ਸਾਹਿਤ ਸਭਾ ਸੁਨਾਮ (ਰਜਿ :)ਵੱਲੋਂ ਜੱਲਿਆਂ ਵਾਲੇ ਬਾਗ਼ ਦਾ ਬਦਲਾ ਲੈਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੀ 85ਵੀਂ ਬਰਸੀ ਅਤੇ ਗ਼ਦਰੀ ਸੰਗਰਾਮਣ ਬੀਬੀ ਗ਼ੁਲਾਬ ਕੌਰ ਬਖਸ਼ੀਵਾਲਾ ਦੀ 100ਵੀਂ ਬਰਸੀ ਨੂੰ ਸਮਰਪਿਤ ਮਹੀਨਾ ਵਾਰ ਸਾਹਿਤਕ ਇਕੱਤਰਤਾ ਕੀਤੀ ਗਈ। ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਇਹਨਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਆਪਾ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੀ ਬੜੀ ਲੰਮੀ ਕਤਾਰ ਹੈ। ਸਾਨੂੰ ਫ਼ਖ਼ਰ ਹੈ ਕਿ ਇਸ ਕਤਾਰ ਵਿੱਚ ਸੁਨਾਮ ਦੇ ਜੰਮਪਲ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਅਤੇ ਨੇੜਲੇ ਪਿੰਡ ਬਖਸ਼ੀਵਾਲਾ ਦੀ ਜੰਮਪਲ ਗ਼ਦਰੀ ਸੰਗਰਾਮਣ ਬੀਬੀ ਗ਼ੁਲਾਬ ਕੌਰ ਦਾ ਨਾਮ ਸੂਰਜ ਵਾਂਗ ਚਮਕਦਾ ਹੈ। ਅਜਿਹੇ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਸਾਰੇ ਆਜ਼ਾਦ ਫਿਜ਼ਾ ਦਾ ਨਿੱਘ ਮਾਣ ਰਹੇ ਹਾਂ। ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਦੀ ਦੇਣ ਕਦੇ ਭੁਲਾਈ ਨਹੀਂ ਜਾ ਸਕਦੀ। ਇਹਨਾਂ ਸ਼ਹੀਦਾਂ ਦੀਆਂ ਜੀਵਨੀਆਂ ਸਕੂਲੀ ਸਲੇਬਸ ਵਿੱਚ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਨਵੀਂ ਪੀੜ੍ਹੀ ਨੂੰ ਵੀ ਦੇਸ਼ ਭਗਤੀ ਦੇ ਜਜ਼ਬੇ ਦੀ ਪ੍ਰੇਰਨਾ ਮਿਲ ਸਕੇ। ਡਾਕਟਰ ਅਮਰੀਕ ਅਮਨ ਨੇ ਕਿਹਾ ਕਿ ਅਜਿਹੇ ਮਹਾਨ ਸ਼ਹੀਦਾਂ ਨੂੰ ਜਿਤਨਾ ਵੀ ਸਤਿਕਾਰ ਦੇ ਸਕੀਏ ਥੋੜ੍ਹਾ ਹੈ। ਇਸ ਮੌਕੇ ਸਭਾ ਵੱਲੋਂ ਮੈਰਾਥਨ ਦੌੜ ਦੇ 114 ਸਾਲਾ ਅਥਲੀਟ ਸਰਦਾਰ ਫੌਜਾ ਸਿੰਘ ਨੂੰ ਵੀ ਭਾਵ ਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਦੋਂ ਵੀ ਭਵਿੱਖ ਵਿੱਚ ਮੈਰਾਥਨ ਦੌੜ ਦਾ ਜ਼ਿਕਰ ਹੋਵੇਗਾ ਤਾਂ ਫ਼ੌਜਾ ਸਿੰਘ ਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ ਜਾਵੇਗਾ। ਸਭਾ ਦੇ ਜਰਨਲ ਸਕੱਤਰ ਸ. ਹਰਮੇਲ ਸਿੰਘ ਨੂੰ ਉਹਨਾਂ ਦੇ ਸਪੁੱਤਰ ਸਰਬਜੀਤ ਸਿੰਘ ਏ.ਐਸ. ਆਈ., (ਸੀ. ਆਈ. ਡੀ. ਸੰਗਰੂਰ) ਵੱਲੋਂ ਅਮਰੀਕਾ ਦੇ ਸ਼ਹਿਰ ਅਲਬਾਮਾ ਵਿਖੇ ਹੋਈਆਂ ਆਲ ਵਰਲਡ ਪੁਲਿਸ ਅਤੇ ਫਾਇਰ ਵਰਕਸ ਗੇਮਾਂ ਵਿੱਚ ਸੋਨੇ ਅਤੇ ਬਰਾਊਨ ਮੈਡਲ ਪ੍ਰਾਪਤ ਕਰਨ ਲਈ ਮੁਬਾਰਕਬਾਦ ਦਿੱਤੀ ਗਈ।
ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਪ੍ਰਸਿੱਧ ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ ਨੇ ਜੰਗੀਰ ਸਿੰਘ ਰਤਨ ਦਾ ਲਿਖਿਆ ਗੀਤ- ਜੋ ਦੇਸ਼ ਕੌਮ ਲਈ ਮਰਨ ਸਦਾ ਉਹ ਜਿਉਂਦੇ ਰਹਿੰਦੇ ਨੇ, ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ। ਗੁਰਮੀਤ ਸੁਨਾਮੀ ਵੱਲੋਂ ਸ਼ਹੀਦ ਊਧਮ ਸਿੰਘ ਦੀ ਵਾਰ ਬੁਲੰਦ ਆਵਾਜ਼ ਅਤੇ ਖ਼ੂਬਸੂਰਤ ਅੰਦਾਜ਼ ਨਾਲ ਸਾਂਝੀ ਕੀਤੀ। ਗੁਰਜੰਟ ਸਿੰਘ ਉਗਰਾਹਾਂ ਵੱਲੋਂ ਗ਼ਦਰੀ ਬੀਬੀ ਗ਼ੁਲਾਬ ਕੌਰ ਨੂੰ ਸਮਰਪਿਤ ਰਚਨਾ ਅਤੇ ਅਵਤਾਰ ਸਿੰਘ ਉਗਰਾਹਾਂ ਨੇ- ਰਹਿਣ ਚਾਨਣਾ ਵੰਡਦੇ ਇਹ ਦੀਵੇ ਜਗਦੇ- ਨਾਲ ਆਪਣੀ ਹਾਜ਼ਰੀ ਲਗਵਾਈ। ਡਾਕਟਰ ਅਮਰੀਕ ਅਮਨ- ਅੱਜ ਲੋੜ ਮੁਲਕ ਨੂੰ ਪੈ ਗਈ ਹੈ,ਭਗਤ ਸਰਾਭਿਆਂ ਦੀ,ਰਚਨਾ ਸਾਂਝੀ ਕੀਤੀ। ਬੇਅੰਤ ਸਿੰਘ ਨੇ -ਧੰਨ ਜਿਗਰਾ ਤੇਰਾ ਪੰਜਾਬ ਸਿਆਂ ਫੱਟ ਸਹਿ ਗਿਆ ਤੂੰ ਕੱਲਾ-ਅਤੇ ਬਲਵਿੰਦਰ ਸਿੰਘ ਜ਼ਿਲੇਦਾਰ ਨੇ- ਨਾਮ ਤੋਂ ਬਗੈਰ ਬੰਦਾ ਸਵੇਰੇ ਉੱਠ ਨਹੀਂ ਸਕਦਾ। ਮਾਸਟਰ ਦਲਬਾਰ ਸਿੰਘ ਨੇ ਸ਼ਹੀਦ ਊਧਮ ਸਿੰਘ ਬਾਰੇ ਬੋਲੀਆਂ ਪੇਸ਼ ਕੀਤੀਆਂ। ਜਸਵੰਤ ਸਿੰਘ ਅਸਮਾਨੀ ਵੱਲੋਂ- ਗੁੰਮਨਾਮ ਘਰਾਣਿਆਂ ਚੋਂ ਉੱਠ ਕੇ ਬਣ ਗਏ ਸੂਰਮੇ ਭਾਰੀ- ਨਾਲ ਹਾਜ਼ਰੀ ਲਗਵਾਈ। ਹਰਮੇਲ ਸਿੰਘ ਸਮੇਂ ਦੀਆਂ ਅਟੱਲ ਸੱਚਾਈਆਂ ਬਾਰੇ ਰਚਨਾ ਨਾਲ ਰੂਬਰੂ ਹੋਏ। ਕਹਾਣੀਕਾਰ ਹਰਦੀਪ ਸਿੰਘ ਕੜੈਲ ਵੱਲੋਂ ਬੜੀ ਖ਼ੂਬਸੂਰਤ ਮਿੰਨੀ ਕਹਾਣੀ- ਸੌਣ ਦਾ ਸਿੰਧਾਰਾ ਅਤੇ ਅਰਸ਼ਜੋਤ ਸਿੰਘ ਨੇ ਪੰਜਾਬ ਦੇ ਲੋਕ ਸਾਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹਨੀ ਸੰਗਰਾਮੀ ਨੇ ਵੀ ਹਾਜ਼ਰੀ ਭਰੀ। ਸਟੇਜ ਸਕੱਤਰ ਦੀ ਭੂਮਿਕਾ ਜੰਗੀਰ ਸਿੰਘ ਰਤਨ ਵੱਲੋਂ ਬਾਖ਼ੂਬੀ ਨਿਭਾਈ ਗਈ।