ਪਟਿਆਲਾ : ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਿੱਖਿਆ ਵਿਭਾਗ ਵੱਲੋਂ ਸਕੂਲ ਅਧਿਆਪਕਾਂ ਦੀ ਦੋ ਦਿਨਾ ਸਿਖਲਾਈ ਸਬੰਧੀ ਸਮਾਗਮ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਤੋੰ ਪ੍ਰੋ. ਮਮਤਾ ਸ਼ਰਮਾ, ਪ੍ਰੋ. ਮਨਦੀਪ ਕੌਰ, ਡਾ. ਰੂਬੀ ਗੁਪਤਾ ਅਤੇ ਡਾ. ਕਮਲਪ੍ਰੀਤ ਕੌਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਹਾਦਰਗੜ੍ਹ ਅਤੇ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਇਨ੍ਹਾਂ ਸਿਖਲਾਈ ਸਮਾਗਮਾਂ ਵਿੱਚ ਮਾਹਿਰ ਵਜੋਂ ਸੱਦਾ ਦਿੱਤਾ ਗਿਆ। ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਦੇ ਮੁੱਖ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਤਾਂ ਜੋ ਸਕੂਲ ਅਧਿਆਪਕਾਂ ਨੂੰ ਲੋੜੀਂਦੇ ਹੁਨਰਾਂ ਅਤੇ ਖਾਸ ਗਿਆਨ ਨਾਲ ਲੈਸ ਕੀਤਾ ਜਾ ਸਕੇ। ਅਜਿਹਾ ਹੋਣ ਨਾਲ਼ ਹੀ ਉਹ ਨਸ਼ੇ ਦੀ ਵਰਤੋਂ ਸਬੰਧੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿ ਸਕਦੇ ਹਨ। 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਸ਼੍ਰੀਮਤੀ ਨੀਰੂ ਬਾਲਾ ਨੇ ਦੱਸਿਆ ਕਿ ਇਹਨਾਂ ਸਿਖਲਾਈ ਵਰਕਸ਼ਾਪਾਂ ਦੀ ਦਰਸ਼ਕਾਂ ਦੁਆਰਾ ਖੂਬ ਪ੍ਰਸ਼ੰਸਾ ਕੀਤੀ ਗਈ।