ਸੱਚਖੰਡ ਨੂੰ ਉਡਾਉਣ ਦੀ ਧਮਕੀ ਮਿਲ ਰਹੀ ਹੋਵੇ, ਤਾਂ ਵੀ ਮੁੱਖ ਮੰਤਰੀ ਦਾ ਦਿਲ ਸ੍ਰੀ ਦਰਬਾਰ ਸਾਹਿਬ ਪ੍ਰਤੀ ਬੇਰੁਖ਼ੀ ਕਿਉਂ ਹੈ?
ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਂਦਿਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਦੀਆਂ ਰਹੁ ਰੀਤਾਂ, ਰੂਹਾਨੀਅਤ, ਸਾਂਝੀਵਾਲਤਾ ਅਤੇ ਮਨੁੱਖੀ ਆਸਥਾ ਦਾ ਉਹ ਕੇਂਦਰ ਹੈ, ਜਿੱਥੇ ਪਿਛਲੀਆਂ ਚਾਰ ਸਦੀਆਂ ਤੋਂ ਕੀਰਤਨ ਪਰਵਾਹ ਰਾਹੀਂ ਪਰਮਾਤਮਾ ਦਾ ਨਿਰੰਤਰ ਜੱਸ ਗਾਇਆ ਜਾ ਰਿਹਾ ਹੈ। ਇਹ ਉਹ ਆਕਰਸ਼ਣ ਦਾ ਕੇਂਦਰ ਤੀਰਥ ਅਸਥਾਨ ਹੈ ਜਿੱਥੇ ਕੇਵਲ ਸਿੱਖ ਹੀ ਨਹੀਂ ਹੋਰ ਧਰਮਾਂ ਦੇ ਉਹ ਲੋਕ ਜੋ ਧਾਰਮਿਕ ਬਿਰਤੀ ਵਾਲੇ ਹਨ ਉਹ ਇਸਦੇ ਦਰਸ਼ਨਾਂ ਦਾ ਤਾਂਘ ਰੱਖਦਾ ਹੈ । ਸਿੱਖ ਇਤਿਹਾਸ ਦਾ ਅੱਧਾ ਹਿੱਸਾ ਇਸਦੇ ਆਲ਼ੇ ਦੁਆਲੇ ਘੁੰਮਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਵਿਚ ਕੋਈ ਵੀ ਨਿੱਕੀ ਜਿਹੀ ਚੂਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਨਕਾਰਾਤਮਿਕ ਨਤੀਜੇ ਲਿਆਉਣਗੇ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇੱਕ ਪਾਸੇ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਵਿੱਚ ਧਾਰਮਿਕ ਭਾਵਨਾਵਾਂ ਦਾ ਸਹਾਰਾ ਲੈਂਦੇ ਹੋਏ “ਪਵਿੱਤਰ ਗ੍ਰੰਥਾਂ ਦੇ ਅਪਮਾਨ ਦੀ ਰੋਕਥਾਮ ਬਿੱਲ” ਪੇਸ਼ ਕਰ ਰਹੇ ਹਨ, ਤਾਂ ਦੂਜੇ ਪਾਸੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਵਾਲੀਆਂ 5 ਧਮਕੀ ਭਰੀਆਂ ਈਮੇਲਾਂ ਦੇ ਬਾਵਜੂਦ ਅੱਜ ਚੌਥੇ ਦਿਨ ਤੱਕ ਵੀ ਉਨ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਨਤਮਸਤਕ ਹੋਣ ਦੀ ਸੰਵੇਦਨਾ ਨਹੀਂ ਦਿਖਾਈ ਗਈ ਹੈ। ਇਹ ਸਿਰਫ਼ ਪ੍ਰਸ਼ਾਸਕੀ ਲਾਪਰਵਾਹੀ ਨਹੀਂ, ਸਗੋਂ ਸਿੱਖ ਧਰਮ ਅਤੇ ਪੰਜਾਬੀਆਂ ਪ੍ਰਤੀ ਗੈਰ-ਸੰਜੀਦਗੀ, ਅਸੰਵੇਦਨਸ਼ੀਲਤਾ, ਦੋਹਰੀ ਰਣਨੀਤੀ ਅਤੇ ਅਸਲ ਨੀਅਤ ਦਾ ਪਤਾ ਦੇ ਰਿਹਾ ਹੈ। ਸਵਾਲ ਇਹ ਹੈ ਕਿ ਜੇਕਰ ਸੱਚਖੰਡ ਨੂੰ ਉਡਾਉਣ ਦੀ ਧਮਕੀ ਮਿਲ ਰਹੀ ਹੋਵੇ, ਤਾਂ ਮੁੱਖ ਮੰਤਰੀ ਦਾ ਦਿਲ ਸ੍ਰੀ ਦਰਬਾਰ ਸਾਹਿਬ ਪ੍ਰਤੀ ਬੇਰੁਖ਼ੀ ਕਿਉਂ ਹੈ? ਜਦੋਂ ਸਿੱਖ ਪੰਥ ਦੇ ਰੂਹਾਨੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ, ਮੁੱਖ ਮੰਤਰੀ ਦੀ ਚੁੱਪੀ ਅਤੇ ਗ਼ੈਰਹਾਜ਼ਰੀ ਇਹ ਦਰਸਾਉਂਦੀ ਹੈ ਕਿ ਉਸ ਦੇ ਹਿਰਦੇ ’ਚ ਧਾਰਮਿਕ ਸੰਵੇਦਨਸ਼ੀਲਤਾ ਲਈ ਕੋਈ ਥਾਂ ਨਹੀਂ। ਸ਼ਰਾਰਤੀ ਤੱਤਾਂ ਵੱਲੋਂ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੋਵੇ, ਤਾਂ ਮੁੱਖ ਮੰਤਰੀ ਦਾ ਨੈਤਿਕ ਫ਼ਰਜ਼ ਬਣਦਾ ਹੈ, ਉਹ ਇਥੇ ਆਉਣ। ਪਰ ਸਰਕਾਰ ਭਾਵਨਾਤਮਕ ਅਤੇ ਪੰਜਾਬੀ ਭਾਈਚਾਰੇ ਨਾਲ ਖੜ੍ਹੇ ਹੋਣ ਦੇ ਆਪਣੇ ਨੈਤਿਕ ਫ਼ਰਜ਼ ਵਿੱਚ ਅਸਫਲ ਰਹੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਬੀਜੇਪੀ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦੀ ਤਰਫ਼ੋਂ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਕ ਸਾਬਕਾ ਰਾਜ ਸਭਾ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਦਿਆਂ ਕੇਂਦਰ ਵੱਲੋਂ ਚਿੰਤਾ ਜ਼ਾਹਿਰ ਕੀਤੀ ਅਤੇ ਕੇਂਦਰ ਵੱਲੋਂ ਪੂਰੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਸਿਰਫ਼ ਈਮੇਲਾਂ ਨਹੀਂ, ਸਿੱਖ ਆਸਥਾ, ਪੰਜਾਬੀਅਤ ਅਤੇ ਰਾਸ਼ਟਰੀ ਅਖੰਡਤਾ ਉੱਤੇ ਖੁੱਲ੍ਹਾ ਹਮਲਾ ਹੈ। ਇਹ ਧਮਕੀਆਂ ਸਿਰਫ਼ ਇੱਕ ਧਾਰਮਿਕ ਢਾਂਚੇ ਦੇ ਵਿਰੁੱਧ ਨਹੀਂ ਹਨ। ਇਹ ਸਿੱਖ ਧਰਮ, ਪੰਜਾਬੀਅਤ ਅਤੇ ਦੇਸ਼ ਦੇ ਅਧਿਆਤਮਿਕ ਤਾਣੇ-ਬਾਣੇ 'ਤੇ ਇੱਕ ਗਿਣੇ-ਮਿੱਥੇ ਹਮਲੇ ਹਨ। ਇਹ ਪੰਜਾਬ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਦਹਿਸ਼ਤ ਦਾ ਮਾਹੌਲ ਬਣਾ ਕੇ ਲੋਕ ਮਨਾਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਹੈ ਅਤੇ ਲੋਕਾਂ ਨੂੰ ਧਾਰਮਿਕ ਯਾਤਰਾ ਕਰਨ ਤੋਂ ਰੋਕਣ ਦੀਆਂ ਸਾਜ਼ਿਸ਼ਾਂ ਹਨ। ਪਰ ਪੰਜਾਬ ਭਾਈਚਾਰਕ ਸਾਂਝ ਨੂੰ ਤੋੜਨ ਜਾਂ ਗ਼ਲਤ ਸਹਿਮੀਆਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਦਾ ਮੂੰਹ ਤੋੜਵਾਂ ਜਵਾਬ ਦੇਵੇਗਾ।
ਉਨ੍ਹਾਂ ਕਿਹਾ ਕਿ ਹਾਲੇ ਤੱਕ ਵੀ ਸਾਜ਼ਿਸ਼ਕਾਰਾਂ ਬਾਰੇ ਕੋਈ ਵੀ ਥਹੁ ਪਤਾ ਨਹੀਂ ਲਗਾ ਪਾਣਾ ਰਾਜ ਸਰਕਾਰ ਦੀ ਕਾਬਲੀਅਤ ਉੱਤੇ ਸਵਾਲ ਖੜੇ ਕਰਦਾ ਹੈ। ਘਟਨਾਵਾਂ ਪਿੱਛੇ ਕੰਮ ਕਰ ਰਹੇ ਤੱਤਾਂ- ਸ਼ਾਂਤੀ ਭੰਗ ਕਰਨ ਵਾਲੇ ਅਤੇ ਪੰਥ ਦੋਖੀ ਤਾਕਤਾਂ ਨੂੰ ਬੇਨਕਾਬ ਕਰਦਿਆਂ ਨਕੇਲ ਕੱਸਣ ਦੀ ਜ਼ਰੂਰਤ ਹੈ । ਇਸ ਤੋਂ ਪਹਿਲਾਂ 2023 ਮਈ ਦੇ 6, 8, 11 ਤਰੀਕਾਂ ਨੂੰ ਵਿਰਾਸਤੀ ਮਾਰਗ ਅਤੇ ਗਲਿਆਰਾ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਨੇੜੇ ਰਾਤ ਸਮੇਂ ਦੇ ਹੋਏ ਧਮਾਕੇ ਲੋਕਾਂ ਨੂੰ ਭੁੱਲੇ ਨਹੀਂ ਹਨ। ਜਿਨ੍ਹਾਂ ਤਿੰਨ ਧਮਾਕਿਆਂ ਨੇ ਸੁਰੱਖਿਆ ਦੀਆਂ ਵੱਡੀਆਂ ਖ਼ਾਮੀਆਂ ਨੂੰ ਉਜਾਗਰ ਕੀਤਾ ਸੀ।