ਐਸ.ਏ.ਐਸ. ਨਗਰ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਲੋਂ ਨਵੀਂ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਾਉਣ ਲਈ 21 ਜੁਲਾਈ ਨੂੰ ਗਮਾਡਾ ਦੇ ਮੁੱਖ ਦਫ਼ਤਰ ਦੇ ਸਾਹਮਣੇ ਦਿਤੇ ਜਾ ਰਹੇ ਧਰਨੇ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਇਥੇ ਹੋਣ ਵਾਲੇ ਲਾਮਿਸਾਲ ਇਕੱਠ ਨਾਲ ਸਰਕਾਰ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ। ਉਹਨਾਂ ਕਿਹਾ ਕਿ ਇਸ ਕਿਸਾਨ ਵਿਰੋਧੀ ਪਾਲਿਸੀ ਵਿਰੁੱਧ ਲੋਕਾਂ ਵਿਚ ਭਾਰੀ ਰੋਹ ਤੇ ਰੋਸ ਹੋਣ ਕਾਰਨ ਉਹ ਬਹੁਤ ਵੱਡੀ ਗਿਣਤੀ ਵਿਚ ਇਸ ਧਰਨੇ ਵਿਚ ਸ਼ਾਮਲ ਹੋਣਗੇ।
ਸ਼੍ਰੀ ਸਿੱਧੂ ਨੇ ਆਪਣੇ ਇਕ ਲਿਖਤੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਸ ਧਰਨੇ ਦੇ ਸਬੰਧ ਵਿਚ ਪਿਛਲੇ ਤਿੰਨ ਦਿਨਾਂ ਤੋਂ ਪਿੰਡਾਂ ਦੇ ਕੀਤੇ ਜਾ ਰਹੇ ਦੌਰਾਨ ਉਹਨਾਂ ਨੇ ਮਹਿਸੂਸ ਕੀਤਾ ਹੈ ਕਿ ਜ਼ਮੀਨ ਮਾਲਕ ਖਾਸ ਕਰ ਕੇ ਛੋਟੇ ਕਿਸਾਨ ਇਸ ਪਾਲਿਸੀ ਨੂੰ ਰੱਦ ਕਰਾਉਣ ਲਈ ਜ਼ਿੰਦਗੀ-ਮੌਤ ਦੀ ਲੜਾਈ ਸਮਝ ਕੇ ਲੜਣ ਦੇ ਰੌਂਅ ਵਿਚ ਹਨ ਕਿਉਂਕਿ ਉਹਨਾਂ ਨੂੰ ਇਹ ਸਮਝ ਲੱਗ ਗਈ ਹੈ ਕਿ ਇਹ ਪਾਲਿਸੀ ਉਹਨਾਂ ਨੂੰ ਘਸਿਆਰੇ ਬਣਾ ਦੇਵੇਗੀ। ਉਹਨਾਂ ਕਿਹਾ ਕਿ ਉਹ ਜਿਹੜੇ ਵੀ ਪਿੰਡ ਵਿਚ ਗਏ ਹਨ ਉਸ ਪਿੰਡ ਦੇ ਲੋਕਾਂ ਨੇ ਹੀ ਇਹ ਭਰੋਸਾ ਦੁਆਇਆ ਹੈ ਕਿ ਉਹ ਵੱਡੀ ਗਿਣਤੀ ਵਿਚ ਧਰਨੇ ਵਿਚ ਸ਼ਾਮਲ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਪਿੰਡਾਂ ਦੇ ਲੋਕ ਆਪਣੇ ਤੌਰ ਉਤੇ ਹੀ ਵਾਹਨਾਂ ਸਮੇਤ ਹਰ ਪ੍ਰਬੰਧ ਖੁਦ ਹੀ ਕਰ ਰਹੇ ਹਨ।
ਕਾਂਗਰਸੀ ਆਗੂ ਨੇ ਕਿਹਾ ਕਿ ਸਰਕਾਰ ਦੀ ਬਦਨੀਤ ਕਿਸਾਨਾਂ ਤੋਂ ਬਿਨਾਂ ਕੋਈ ਪੈਸਾ ਦਿਤਿਆਂ ਜ਼ਮੀਨ ਹਾਸਲ ਕਰਕੇ ਵੱਡੇ ਵਪਾਰਕ, ਸਨਅਤੀ ਅਤੇ ਬਹੁਕੌਮੀ ਕੰਪਨੀਆਂ ਨੂੰ ਵੇਚਣ ਦੀ ਹੈ ਤਾਂ ਕਿ ਆਖ਼ਰੀ ਸਾਲ ਵਿਚ ਮੁਫ਼ਤਖੋਰ ਤੋ ਭਰਮਾਊ ਸਕੀਮਾਂ ਰਾਹੀਂ ਲੋਕਾਂ ਦੀਆਂ ਵੋਟਾਂ ਬਟੋਰੀਆਂ ਜਾ ਸਕਣ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਕੀਮਤ ਉਤੇ ਆਮ ਆਦਮੀ ਪਾਰਟੀ ਸਰਕਾਰ ਦੀ ਇਹ ਲੋਕ ਵਿਰੋਧੀ ਸਕੀਮ ਨੂੰ ਸਿਰੇ ਨਹੀਂ ਚੜਣ ਦੇਵੇਗੀ ਕਿਉਂਕਿ ਪੰਜਾਬ ਸਿਰ ਪਹਿਲਾਂ ਹੀ ਕਰਜ਼ੇ ਦਾ ਬੋਝ ਚਾਰ ਲੱਖ ਕਰੋੜ ਨੂੰ ਪਹੁੰਚਣ ਵਾਲਾ ਹੈ।
ਸ਼੍ਰੀ ਸਿੱਧੂ ਨੇ ਕਿਹਾ ਇਸ ਧਰਨੇ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ , ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਲੋਕ ਸਭਾ ਤੇ ਵਿਧਾਨ ਮੈਂਬਰਾਂ ਸਮੇਤ ਪਾਰਟੀ ਦੇ ਸਾਰੇ ਸੀਨੀਅਰ ਆਗੂ ਸੰਬੋਧਨ ਕਰਨਗੇ। ਉਹਨਾਂ ਕਿਹਾ ਕਿ ਇਸ ਧਰਨੇ ਵਿਚੋਂ ਉੱਠਣ ਵਾਲਾ ਲੋਕ ਰੋਹ ਸਰਕਾਰ ਨੂੰ ਇਹ ਲੋਕ ਵਿਰੋਧੀ ਪਾਲਿਸੀ ਵਾਪਸ ਲੈਣ ਲਈ ਮਜ਼ਬੂਰ ਕਰੇਗਾ।