ਸੁਨਾਮ : ਸੁਨਾਮ ਬਲਾਕ ਦੇ ਪਿੰਡਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਹੋ ਰਹੀਆਂ ਉਪ ਚੋਣਾਂ ਲਈ ਭਰੀਆਂ ਜਾ ਰਹੀਆ ਨਾਮਜਦਗੀਆਂ ਤਹਿਤ ਪਿੰਡ ਮਿਰਜ਼ਾ ਪੱਤੀ ਨਮੋਲ ਦੀ ਸਰਪੰਚੀ ਲਈ ਦੋ ਉਮੀਦਵਾਰਾਂ ਨੇ ਕਾਗਜ਼ ਦਾਖ਼ਲ ਕੀਤੇ ਜਦਕਿ ਫ਼ਤਹਿਗੜ ਪਿੰਡ ਦੇ ਪੰਚ ਦੀ ਚੋਣ ਲਈ ਸਿਰਫ ਇੱਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।ਖਾਲੀ ਆਸਾਮੀ ਭਰੀ ਜਾਣੀ ਹੈ। ਨਾਮਜਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ ।ਬਲਾਕ ਸੁਨਾਮ ਲਈ ਨਿਯੁਕਤ ਕੀਤੇ ਗਏ ਚੋਣ ਰਿਟਰਨਿੰਗ ਅਫ਼ਸਰ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸੁਨਾਮ ਬਾਲ ਕ੍ਰਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਪੰਚ ਅਤੇ ਪੰਚ ਦੀਆਂ ਉਪ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਆਖਰੀ ਦਿਨ ਮਿਰਜ਼ਾ ਪੱਤੀ ਨਮੋਲ ਦੇ ਸਰਪੰਚ ਦੀ ਚੋਣ ਲਈ ਗੁਰਮੀਤ ਕੌਰ ਪਤਨੀ ਗੁਰਜੰਟ ਸਿੰਘ ਅਤੇ ਛਿੰਦਰ ਕੌਰ ਪਤਨੀ ਭਗਵਾਨ ਸਿੰਘ ਕੁੱਲ ਦੋ ਉਮੀਦਵਾਰਾਂ ਨੇ ਕਾਗਜ਼ ਭਰੇ ਜਦਕਿ ਪਿੰਡ ਫਤਿਹਗੜ ਦੇ ਪੰਚ ਦੀ ਚੋਣ ਲਈ ਸਿਰਫ਼ ਸੁਖਵਿੰਦਰ ਕੌਰ ਪਤਨੀ ਅਮਰੀਕ ਸਿੰਘ ਨੇ ਵੱਲੋਂ ਕਾਗਜ਼ ਭਰੇ ਹਨ। ਉਨ੍ਹਾ ਦੱਸਿਆ ਕਿ ਮਿਰਜ਼ਾ ਪੱਤੀ ਨਮੋਲ ਦੇ ਸਰਪੰਚ ਦੀ ਆਸਾਮੀ ਜਨਰਲ ਕੈਟਾਗਰੀ ਲਈ ਰਾਖਵੀਂ ਹੈ ਜਦੋਂ ਕਿ ਪਿੰਡ ਫਤਿਹਗੜ ਦੇ ਪੰਚ ਲਈ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ। ਉਨ੍ਹਾ ਕਿਹਾ ਕਿ 19 ਜੁਲਾਈ ਨੂੰ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਆਖਰੀ ਤਾਰੀਖ਼ ਹੈ ਅਤੇ ਪੋਲਿੰਗ 27 ਜੁਲਾਈ ਨੂੰ ਹੋਵੇਗੀ। ਦੱਸ ਦੇਈਏ ਕਿ ਉਕਤ ਤਿੰਨੋਂ ਜਣਿਆਂ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕੀਤੇ ਹਨ।