ਸੁਨਾਮ : ਤਨਖਾਹ ਸਕੇਲਾਂ ਦੀ ਬਹਾਲੀ ਲਈ ਸਾਂਝਾ ਫਰੰਟ ਦੇ ਸੱਦੇ ਤਹਿਤ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ ਅਧੂਰੇ ਤਨਖਾਹ ਸਕੇਲ਼ ਦੀਆਂ ਕਾਪੀਆਂ ਸਾੜਕੇ ਸੂਬਾ ਸਰਕਾਰ ਖ਼ਿਲਾਫ਼ ਰੱਜਕੇ ਭੜਾਸ ਕੱਢੀ। ਵੀਰਵਾਰ ਨੂੰ ਸਿਵਲ ਹਸਪਤਾਲ ਸੁਨਾਮ ਦੇ ਸਿਹਤ ਮੁਲਾਜ਼ਮਾਂ ਨੇ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਅਤੇ ਪੈਰਾ ਮੈਡੀਕਲ ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਜ਼ਿਲ੍ਹਾ ਕਨਵੀਨਰ ਬਲਜਿੰਦਰ ਕੌਰ, ਦਲਜੀਤ ਢਿੱਲੋਂ, ਜਗਸੀਰ ਸਿੰਘ ਭੱਮਾਬੱਦੀ, ਦਰਜ਼ਾ ਚਾਰ ਜਥੇਬੰਦੀ ਦੇ ਪ੍ਰਧਾਨ ਦਵਿੰਦਰ ਸਿੰਘ, ਫਾਰਮੇਸੀ ਐਸੋਸੀਏਸ਼ਨ ਵੱਲੋਂ ਸੁਧੀਰ ਸਿੰਗਲਾ ਸਣੇ ਹੋਰਨਾਂ ਮੁਲਾਜ਼ਮਾਂ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਤਨਖਾਹ ਸਕੇਲਾਂ ਵਾਲਾ ਮੁਲਾਜ਼ਮ ਮਾਰੂ ਨੋਟੀਫੀਕੇਸ਼ਨ 17 ਜੁਲਾਈ 2020 ਨੂੰ ਜਾਰੀ ਕੀਤਾ ਗਿਆ ਤੇ ਉਸ ਸਮੇਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਆਮ ਆਦਮੀ ਪਾਰਟੀ ਦੁਆਰਾ ਉਕਤ ਮਾਰੂ ਨੋਟੀਫੀਕੇਸ਼ਨ ਦਾ ਵਿਰੋਧ ਕੀਤਾ ਗਿਆ ਸੀ ਤੇ ਸੱਤਾ ਵਿੱਚ ਆਉਣ ਤੇ ਸਭ ਤੋਂ ਪਹਿਲਾਂ ਪੰਜਾਬ ਪੇਅ ਸਕੇਲ਼ ਬਹਾਲ ਕਰਨ ਤੇ ਪਰਖ ਕਾਲ ਦਾ ਸਮਾਂ ਘੱਟ ਕਰਨ ਦੀ ਗਰੰਟੀ ਵੀ ਦਿੱਤੀ ਗਈ ਸੀ ਜਿਹੜਾ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਸਵਾ ਤਿੰਨ ਸਾਲ ਪੂਰੇ ਹੋਣ ਤੱਕ ਵੀ ਪੂਰੀ ਨਹੀਂ ਕੀਤੀ ਗਈ। ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਣਯੋਗ ਹਾਈਕੋਰਟ ਤੇ ਸੁਪਰੀਮ ਕੋਰਟ ਦੇ ਹੁਣ ਤੱਕ ਵੱਖ ਵੱਖ ਵਿਭਾਗਾਂ ਵਿੱਚ ਮੁਲਾਜਮਾਂ ਦੇ ਹੱਕ ਵਿੱਚ ਆਏ ਫੈਸਲਿਆਂ ਨੂੰ ਵੀ ਲਾਗੂ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਸਰਕਾਰ ਨੇ 21 ਸਾਲ ਤੋਂ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਰੱਖੀ ਹੈ ਹੁਣ ਕੇਦਰੀ ਸਕੇਲ ਨੂੰ ਪੰਜ ਸਾਲ ਤੋਂ ਵਾਪਸ ਨਹੀਂ ਲੈ ਰਹੀ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਵਿਆਪਕ ਰੋਸ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਗੁਰਮੇਲ ਸਿੰਘ, ਮੈਡਮ ਪਰਮਜੀਤ ਕੌਰ, ਕਿਰਨਾ ਰਾਣੀ, ਰਿੰਪੀ, ਗੁਰਤੇਜ ਸਿੰਘ, ਮਨਪ੍ਰੀਤ ਕੌਰ ਤੋਂ ਇਲਾਵਾ ਹੋਰ ਮੁਲਾਜ਼ਮ ਹਾਜਰ ਸਨ।