ਸੁਨਾਮ : ਸਥਾਨਕ ਸ਼ਹਿਰ ਦੇ ਸਰਾਫ਼ਾ ਬਾਜ਼ਾਰ ਵਿੱਚ ਸਥਿਤ ਇੱਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਮੁੱਲ ਦਾ ਕੱਪੜਾ ਸੜਕੇ ਸੁਆਹ ਹੋ ਗਿਆ। ਦੁਕਾਨ ਨੂੰ ਅੱਗ ਲੱਗਣ ਦਾ ਕਾਰਨ ਦੁਕਾਨ ਵਿੱਚ ਲੱਗਿਆ ਇਨਵਰਟਰ ਦੇ ਸ਼ਾਟ ਸਰਕਟ ਹੋਣਾ ਮੰਨਿਆ ਜਾ ਰਿਹਾ ਹੈ। ਅੱਗ ਬੁਝਾਊ ਗੱਡੀਆਂ ਨੇ ਲੋਕਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆ ਦੁਕਾਨ ਦੇ ਮਾਲਕ ਸੁਖਬੀਰ ਸਿੰਘ ਨੇ ਦੱਸਿਆ ਕਿ ਸੁਨਾਮ ਸ਼ਹਿਰ ਦੇ ਸਰਾਫ਼ਾ ਬਜਾਰ ਵਿੱਚ ਇੱਕ ਦੁਕਾਨ ਕਿਰਾਏ 'ਤੇ ਲੈਕੇ ਉਸਨੇ ਮੰਨਤ ਕਲਾਥ ਹਾਊਸ ਦੇ ਨਾਂਅ 'ਤੇ ਕੱਪੜੇ ਦਾ ਕਾਰੋਬਾਰ ਕੀਤਾ ਹੋਇਆ ਸੀ, ਬੁੱਧਵਾਰ ਨੂੰ ਸਵੇਰੇ ਕਰੀਬ ਪੰਜ ਕੁ ਵਜੇ ਉਸ ਨੂੰ ਕਿਸੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਪਈ ਹੈ ਤਾਂ ਉਹ ਤੁਰੰਤ ਦੁਕਾਨ 'ਤੇ ਪਹੁੰਚਿਆ। ਉਸ ਨੇ ਦੱਸਿਆ ਕਿ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤਾਂ ਕੁੱਝ ਹੀ ਸਮੇਂ ਵਿੱਚ ਅੱਗ ਬੁਝਾਊ ਗੱਡੀ ਦੇ ਅਮਲੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚਕੇ ਲੋਕਾਂ ਦੇ ਸਹਿਯੋਗ ਨਾਲ ਜਦੋਜਹਿਦ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਸੱਭ ਕੁਝ ਸੜਕੇ ਸੁਆਹ ਹੋ ਚੁੱਕਾ ਸੀ। ਕੱਪੜੇ ਦੀ ਦੁਕਾਨ ਦੇ ਮਾਲਕ ਨੇ ਅੱਗ ਲੱਗਣ ਦਾ ਕਾਰਨ ਦੁਕਾਨ 'ਚ ਰੱਖੇ ਇਨਵਰਟਰ ਤੋਂ ਸ਼ਾਟ-ਸਰਕਟ ਹੋਣ ਦਾ ਖਦਸ਼ਾ ਜਤਾਉਂਦਿਆਂ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਦੁਕਾਨ ਨੂੰ ਅੱਗ ਲੱਗਣ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।