ਸੁਨਾਮ : ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਪੈਂਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਐਡਵੋਕੇਟ ਅੰਮ੍ਰਿਤ ਰਾਜਦੀਪ ਸਿੰਘ ਚੱਠਾ ਵੱਲੋਂ ਸਰਕਲ ਪ੍ਰਧਾਨਾਂ ਦੇ ਕੀਤੇ ਐਲਾਨ ਅਨੁਸਾਰ ਰਾਜੀਵ ਕੁਮਾਰ ਮੱਖਣ ਨੂੰ ਮੁੜ ਸੁਨਾਮ ਸ਼ਹਿਰੀ ਸਰਕਲ ਦਾ ਪ੍ਰਧਾਨ ਬਣਾਇਆ ਗਿਆ ਹੈ ਦਰਸ਼ਨ ਸਿੰਘ ਸਾਬਕਾ ਸਰਪੰਚ ਨਮੋਲ ਨੂੰ ਸੁਨਾਮ ਦਿਹਾਤੀ ਨਰਿੰਦਰ ਸਿੰਘ ਸ਼ੇਰੋਂ ਨੂੰ ਚੀਮਾਂ ਸਰਕਲ ਅਤੇ ਜਗਸੀਰ ਬਾਵਾ ਨਾਗਰਾ ਨੂੰ ਖੇੜੀ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬੁੱਧਵਾਰ ਨੂੰ ਸੁਨਾਮ ਵਿਖੇ ਭਾਜਪਾ ਦੇ ਪਟਿਆਲਾ ਰੋਡ ਤੇ ਸਥਿਤ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਜਿਲ੍ਹੇ ਦੀ ਸਮੁੱਚੀ ਟੀਮ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਵਿਖੇ ਨਵੇਂ ਸਿਰੇ ਤੋਂ ਸਰਕਲ ਪ੍ਰਧਾਨਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਭਾਜਪਾ ਆਗੂ ਦਾਮਨ ਬਾਜਵਾ ਵੱਲੋਂ ਸਰਕਲ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੰਜਾਬ ਸੰਗਠਨ ਮੰਤਰੀ ਸ਼੍ਰੀਨਿਵਾਸਲੂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਵਿਧਾਨ ਸਭਾ ਹਲਕਾ ਸੁਨਾਮ ਵਿੱਚ ਭਾਜਪਾ ਦੇ ਨਵੇਂ ਬਣੇ ਸਰਕਲ ਪ੍ਰਧਾਨ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਯਤਨ ਕਰਨਗੇ। ਉਨ੍ਹਾਂ ਨਵੇਂ ਬਣੇ ਸਰਕਲ ਪ੍ਰਧਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੰਮੇਵਾਰੀ ਨਾਲ ਨਿਭਾਉਣ ਲਈ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਲਾਮਬੰਦੀ ਸ਼ੁਰੂ ਕਰ ਦੇਣ। ਇਸ ਮੌਕੇ ਭਾਜਪਾ ਜਿਲ੍ਹਾ ਸੰਗਰੂਰ -2 ਦੇ ਏ.ਆਰ.ਓ ਜਗਤ ਕਥੂਰੀਆ ਮਲੇਰਕੋਟਲਾ, ਹਰਮਨਦੇਵ ਸਿੰਘ ਬਾਜਵਾ, ਪ੍ਰੇਮ ਗੁਗਨਾਨੀ, ਸੰਜੇ ਗੋਇਲ, ਅਸ਼ੋਕ ਗੋਇਲ, ਅਸ਼ਵਨੀ ਗਰਗ, ਰਜਤ ਸ਼ਰਮਾ, ਸਤਵੀਰ ਸਿੰਘ ਸਾਬਕਾ ਸਰਪੰਚ ਬਿਗੜਵਾਲ, ਅੰਕਿਤ ਕਾਂਸਲ ਆਦਿ ਹਾਜ਼ਰ ਸਨ।