ਮਾਜਰੀ : ਸਥਾਨਕ ਥਾਣਾ ਮੁਖੀ ਮਾਜਰੀ ਵੱਲੋਂ ਅੱਜ ਇਲਾਕੇ ਦੇ ਪ੍ਰਾਪਰਟੀ ਡੀਲਰਾਂ ਤੇ ਸੁਨਿਆਰਿਆਂ ਨਾਲ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਮਾਜਰੀ ਸਮੇਤ ਆਸ ਪਾਸ ਇਲਾਕੇ ਦੇ ਕਾਰੋਬਾਰੀ ਵੱਡੀ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਹਾਜ਼ਰ ਸਨ। ਯੋਗੇਸ ਕੁਮਾਰ ਥਾਣਾ ਮੁਖੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮੂਹ ਕਾਰੋਬਾਰੀਆਂ ਨੂੰ ਅਬੋਹਰ ਸ਼ਹਿਰ ਵਿਚ ਪਿਛਲੇ ਦਿਨੀਂ ਵਾਪਰੀ ਵਾਰਦਾਤ ਦਾ ਜਿਕਰ ਕਰਦਿਆਂ ਕਿਹਾ ਕਿ ਆਪੋ ਆਪਣੀਆਂ ਦੁਕਾਨਾਂ ਤੇ ਦਫ਼ਤਰਾਂ 'ਚ ਜਿਥੇ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ, ਉਥੇ ਹਰ ਆਉਣ ਜਾਣ ਵਾਲੇ ਅਣਜਾਣ ਸ਼ਖਸ ਤੇ ਤਿਰਛੀ ਨਜ਼ਰ ਰੱਖੀ ਜਾਵੇ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰੇ। ਉਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਕਾਰੋਬਾਰੀ ਲੋਕਾਂ ਨੂੰ ਚੌਕਸ ਰਹਿਣ ਦੀ ਤਾਕੀਦ ਕੀਤੀ ਤੇ ਵਿਸ਼ਵਾਸ ਦਿਵਾਇਆ ਕਿ ਪੁਲਿਸ ਹਮੇਸ਼ਾ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ, ਤੇ ਪੁਲਿਸ ਪ੍ਰਸ਼ਾਸਨ ਨੂੰ ਅਮਨ ਕਾਨੂੰਨ ਤੇ ਸ਼ਾਂਤੀ ਬਣਾਈ ਰੱਖਣ ਲਈ ਆਮ ਜਨਤਾ ਦੇ ਸਹਿਯੋਗ ਦੀ ਹਮੇਸ਼ਾ ਲੋੜ ਹੈ। ਇਸ ਮੌਕੇ ਪ੍ਰਾਪਟੀ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਵੀ ਆਪੋ ਆਪਣੇ ਵਖੋ ਵੱਖ ਸੁਝਾਅ ਪੁਲਿਸ ਨੂੰ ਦੱਸਦਿਆਂ ਪੁਲਿਸ ਨੂੰ ਹਮੇਸ਼ਾ ਭਰਵਾਂ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਰਮੇਸ ਕੁਮਾਰ ਤਲਵਾੜ, ਦਲਵਿੰਦਰ ਸਿੰਘ ਬੈਨੀਪਾਲ, ਜਗਤਾਰ ਸਿੰਘ ਸਿੱਧੂ, ਮੇਵਾ ਸਿੰਘ ਪਾਬਲਾ, ਤਰਲੋਕ ਸਿੰਘ ਚੰਡੀਗੜ੍ਹ, ਮਨਦੀਪ ਸਿੰਘ ਖਿਜਰਾਬਾਦ, ਸੰਤੋਖ ਸਿੰਘ ਸਰਪੰਚ, ਮੇਜਰ ਸਿੰਘ ਸੰਗਤਪੁਰਾ, ਗੁਰਮੇਲ ਸਿੰਘ ਮੰਡ, ਸੁਖਦੇਵ ਸਿੰਘ ਸੁੱਖਾ ਸਮੇਤ ਇਲਾਕੇ ਦੇ ਪਿੰਡਾਂ ਅਤੇ ਕਸਬਾ ਖਿਜਰਾਬਾਦ ਦੇ ਸੁਨਿਆਰੇ ਵੀ ਹਾਜਰ ਸਨ।