ਮੋਹਾਲੀ : ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਕਾਂਗਰਸ ਪਾਰਟੀ ਵੱਲੋਂ ਇੱਕ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਨੇ ਉਨ੍ਹਾਂ ਨੂੰ ਨਵਾਂ ਸ਼ਹਿਰ ਅਤੇ ਬਲਾਚੌਰ ਹਲਕਿਆਂ ਦਾ ਅਬਜ਼ਰਵਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਬੇਦੀ ਬਲਾਚੌਰ ਹਲਕੇ ਵਿੱਚ ਕੋਆਰਡੀਨੇਟਰ ਵਜੋਂ ਕੰਮ ਕਰ ਰਹੇ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ, "ਮੈਨੂੰ ਕਾਂਗਰਸ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਮਿਲੀ ਹੈ, ਉਹ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਇਸ ਲਈ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ, ਜਨਰਲ ਸਕੱਤਰ ਸੰਦੀਪ ਸੰਧੂ ਅਤੇ ਪਾਰਟੀ ਹਾਈ ਕਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।" ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਾਂਗਰਸ ਪਾਰਟੀ ਲਈ ਹਾਜ਼ਰ ਰਹਿਣਗੇ ਅਤੇ ਜੋ ਵੀ ਜ਼ਿੰਮੇਵਾਰੀ ਮਿਲੇਗੀ, ਉਸਨੂੰ ਤਨ, ਮਨ ਅਤੇ ਧਨ ਨਾਲ ਨਿਭਾਉਣਗੇ।
ਬੇਦੀ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਹਦਾਇਤਾਂ ਅਨੁਸਾਰ, ਨਵਾਂ ਸ਼ਹਿਰ ਅਤੇ ਬਲਾਚੌਰ ਹਲਕਿਆਂ ਵਿੱਚ ਬੂਥ ਅਤੇ ਬਲਾਕ ਪੱਧਰ 'ਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕਮੇਟੀਆਂ ਬਣਾਈਆਂ ਜਾਣਗੀਆਂ। ਇਹ ਕਮੇਟੀਆਂ ਬਲਾਕ ਪ੍ਰਧਾਨਾਂ, ਜ਼ਿਲ੍ਹਾ ਪ੍ਰਧਾਨ ਅਤੇ ਹਲਕੇ ਦੇ ਸਾਰੇ ਕਾਂਗਰਸੀ ਲੀਡਰਾਂ ਨਾਲ ਤਾਲਮੇਲ ਕਰਕੇ ਬਣਾਈ ਜਾਣਗੀਆਂ ਤਾਂ ਜੋ ਪਾਰਟੀ ਨੂੰ ਜਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ, "2027 ਦੀ ਵਿਧਾਨ ਸਭਾ ਚੋਣ ਲਈ ਅਸੀਂ ਅੱਜ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੰਗਠਨ ਨੂੰ ਮਜ਼ਬੂਤ ਕਰਨਾ ਹੀ ਅੱਜ ਦੀ ਲੋੜ ਹੈ ਅਤੇ ਮੈਂ ਇਸ ਕੰਮ ਵਿੱਚ ਪੂਰੀ ਲਗਨ ਨਾਲ ਜੁਟਿਆ ਰਹਾਂਗਾ।" ਬੇਦੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਨੂੰ ਲੈ ਕੇ ਮੋਹਾਲੀ ਹਲਕੇ ਵਿੱਚ ਉਨ੍ਹਾਂ ਦੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ, ਕਿਉਂਕਿ ਉਹਨਾਂ ਨੂੰ ਦਿੱਤੀ ਗਈ ਇਸ ਅਹਿਮ ਭੂਮਿਕਾ ਕਾਰਨ ਮੋਹਾਲੀ ਹਲਕੇ ਦਾ ਮਾਣ ਵਧਿਆ ਹੈ।