ਮੋਹਾਲੀ : ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਗਮਾਡਾ ਦੇ ਚੇਅਰਮੈਨ ਨੂੰ ਇੱਕ ਪੱਤਰ ਲਿਖ ਕੇ ਸਖਤ ਸ਼ਬਦਾਂ 'ਚ ਚੇਤਾਵਨੀ ਦਿੱਤੀ ਹੈ ਕਿ ਜੇ ਗਮਾਡਾ ਨੇ ਤੁਰੰਤ ਮੋਹਾਲੀ ਵਿੱਚ ਢੰਗ ਦੀ ਸੌਲਿਡ ਵੇਸਟ ਮੈਨੇਜਮੈਂਟ ਨੀਤੀ ਤਿਆਰ ਨਾ ਕੀਤੀ ਤਾਂ ਲੋਕ ਸੜਕਾਂ 'ਤੇ ਉਤਰਨ 'ਤੇ ਮਜਬੂਰ ਹੋਣਗੇ।
ਬੇਦੀ ਨੇ ਦੱਸਿਆ ਕਿ ਗਮਾਡਾ ਇਕ ਪਾਸੇ ਨਵੇਂ ਵਿਕਾਸ ਪ੍ਰਾਜੈਕਟਾਂ ਜਿਵੇਂ ਕਿ ਐਰੋਟ੍ਰੋਪੋਲਿਸ ਵਾਂਗ ਨਵੇਂ ਸ਼ਹਿਰ ਵਸਾਉਣ ਦੀ ਯੋਜਨਾ ਬਣਾ ਰਿਹਾ ਹੈ, ਜਦਕਿ ਮੌਜੂਦਾ ਮੋਹਾਲੀ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਦੀ ਗੰਭੀਰ ਘਾਟ ਹੈ।
ਗਮਾਡਾ ਆਪਣੇ ਖੇਤਰਾਂ ਦਾ ਕੂੜਾ ਨਗਰ ਨਿਗਮ ਦੀ ਹੱਦ ਵਿੱਚ ਸੁੱਟਵਾ ਰਿਹਾ: ਬੇਦੀ
ਡਿਪਟੀ ਮੇਅਰ ਨੇ ਕਿਹਾ ਕਿ ਗਮਾਡਾ ਖੁਦ ਆਪਣੇ ਖੇਤਰਾਂ ਵਿੱਚੋਂ ਨਿਕਲਣ ਵਾਲਾ ਕੂੜਾ ਮੋਹਾਲੀ ਨਗਰ ਨਿਗਮ ਦੇ ਹੱਦ ਵਿੱਚ ਸੁੱਟਵਾ ਰਿਹਾ ਹੈ, ਜਿਸ ਨਾਲ ਫੇਜ਼ 5, ਫੇਜ਼ 7, ਫੇਜ਼ 11, ਸੈਕਟਰ 71 ਅਤੇ ਹੋਰ ਇਲਾਕਿਆਂ ਵਿੱਚ ਆਰ ਐਮ ਸੀ ਪੁਆਇੰਟਾਂ ਨੇ ਲੋਕਾਂ ਦੀ ਜ਼ਿੰਦਗੀ ਦੁੱਭਰ ਕਰ ਦਿੱਤੀ ਹੈ।
ਉਹਨਾਂ ਕਿਹਾ ਕਿ ਮੋਹਾਲੀ ਵਿੱਚ ਰਿਹਾਇਸ਼ੀ ਇਲਾਕਿਆਂ ਤੋਂ ਇਲਾਵਾ ਕਈ ਵੱਡੀਆਂ ਕਮਰਸ਼ੀਅਲ ਇਮਾਰਤਾਂ, ਮਾਲ, ਫੂਡ ਕੋਰਟ, ਪੀਜੀ ਅਤੇ ਹੋਰ ਢਾਂਚੇ ਮੌਜੂਦ ਹਨ, ਜਿੱਥੋਂ ਹਰ ਰੋਜ਼ ਟਨਾਂ ਵਿੱਚ ਸੌਲਿਡ ਵੇਸਟ ਨਿਕਲਦਾ ਹੈ। ਪਰ, ਗਮਾਡਾ ਕੋਲ ਇਸਨੂੰ ਨਿਪਟਾਉਣ ਲਈ ਨਾ ਕੋਈ ਯੋਜਨਾ ਹੈ, ਨਾ ਕੋਈ ਢਾਂਚਾ।
"ਝੰਝੇੜੀ ਦੀ ਜ਼ਮੀਨ ਗਮਾਡਾ ਦੀ ਨਹੀਂ, ਲੋਕਾਂ ਨੂੰ ਕੀਤਾ ਜਾ ਰਿਹਾ ਗੁਮਰਾਹ" — ਡਿਪਟੀ ਮੇਅਰ
ਬੇਦੀ ਨੇ ਝੰਝੇੜੀ ਵਿੱਚ ਡੰਪਿੰਗ ਗਰਾਊਂਡ ਬਣਾਉਣ ਦੀ ਗੱਲ 'ਤੇ ਸਪੱਸ਼ਟ ਕਿਹਾ ਕਿ ਨਗਰ ਨਿਗਮ ਵੱਲੋਂ ਝੰਝੇੜੀ ਦੀ ਜ਼ਮੀਨ ਦੀ ਮੰਗ ਨਹੀਂ ਕੀਤੀ ਗਈ। ਇਹ ਜ਼ਮੀਨ ਪੰਚਾਇਤ ਵਿਭਾਗ ਦੀ ਹੈ ਅਤੇ ਇਸ 'ਤੇ ਕਬਜ਼ੇ ਹਨ। ਗਮਾਡਾ ਇਸ 'ਤੇ ਦਾਅਵਾ ਕਰ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।
ਉਹਨਾਂ ਕਿਹਾ ਕਿ "ਇਹ ਸਿਰਫ਼ ਜਗ੍ਹਾ ਦੀ ਗੱਲ ਨਹੀਂ, ਸਾਡੇ ਸ਼ਹਿਰ ਦੀ ਸਿਹਤ, ਵਾਤਾਵਰਨ ਅਤੇ ਇਜ਼ਤ ਦੀ ਗੱਲ ਹੈ। ਮੋਹਾਲੀ ਦੇ ਲੋਕ ਪੜ੍ਹੇ-ਲਿਖੇ ਤੇ ਸਮਝਦਾਰ ਹਨ। ਉਹ ਹੁਣ ਗਲਤ ਨੀਤੀਆਂ ਨੂੰ ਸਹਿਣ ਵਾਲੇ ਨਹੀਂ।"
ਬੇਦੀ ਨੇ ਕੀਤੀਆਂ ਇਹ ਮੁੱਖ ਮੰਗਾਂ
ਮੋਹਾਲੀ ਵਿਚ ਢੰਗ ਦੇ ਅਤੇ ਆਧੁਨਿਕ ਤਕਨੀਕ ਨਾਲ ਵੇਸਟ ਟਰੀਟਮੈਂਟ ਪਲਾਂਟ ਦੀ ਤੁਰੰਤ ਯੋਜਨਾ ਬਣੇ। ਗਮਾਡਾ ਆਪਣੇ ਸੀਐਲਯੂ ਰਾਹੀਂ ਇਕੱਠੇ ਕੀਤੇ ਅਰਬਾਂ ਰੁਪਏ 'ਚੋਂ ਨਗਰ ਨਿਗਮ ਮੋਹਾਲੀ ਨੂੰ ਸਹਾਇਤਾ ਦੇਵੇ, ਝੰਝੇੜੀ ਜਾਂ ਕਿਸੇ ਹੋਰ ਵਿਵਾਦਤ ਜਗ੍ਹਾ ਨੂੰ ਡੰਪਿੰਗ ਗਰਾਊਂਡ ਵਜੋਂ ਚੁਣਨ ਤੋਂ ਪਹਿਲਾਂ ਲੋਕਾਂ ਦੀ ਰਜ਼ਾਮੰਦੀ ਅਤੇ ਕਾਨੂੰਨੀ ਤਥਾਂ ਨੂੰ ਧਿਆਨ 'ਚ ਰੱਖਿਆ ਜਾਵੇ ਅਤੇ ਗਮਾਡਾ ਦੇ ਨਵੇਂ ਪ੍ਰਾਜੈਕਟਾਂ ਤੋਂ ਪਹਿਲਾਂ ਮੌਜੂਦਾ ਮੋਹਾਲੀ ਸ਼ਹਿਰ ਦੀ ਹਾਲਤ 'ਤੇ ਤੁਰੰਤ ਮੀਟਿੰਗ ਬੁਲਾਈ ਜਾਵੇ।
"ਨਵਾਂ ਡੱਡੂ ਮਾਜਰਾ ਨਹੀਂ ਬਣਨ ਦੇਵਾਂਗੇ" — ਡਿਪਟੀ ਮੇਅਰ ਦੀ ਚਿਤਾਵਨੀ
"ਅਸੀਂ ਮੋਹਾਲੀ ਵਿੱਚ ਨਵਾਂ ਡੱਡੂ ਮਾਜਰਾ ਬਣਨ ਨਹੀਂ ਦੇਵਾਂਗੇ। ਗਮਾਡਾ ਨੂੰ ਹੁਣ ਨਿਵੇਕਲੇ, ਆਧੁਨਿਕ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਦੇ ਹੱਲ ਲੱਭਣੇ ਪੈਣਗੇ। ਨਹੀਂ ਤਾਂ ਲੋਕ ਸੜਕਾਂ ਉੱਤੇ ਲੰਬੀ ਲੜਾਈ ਲਈ ਤਿਆਰ ਹਨ।" ਡਿਪਟੀ ਮੇਅਰ ਨੇ ਕਿਹਾ।