ਜਾਅਲੀ ਜਮਾਨਤ ਬਾਂਡ ਤੇ ਫ਼ਰਜੀ ਦਸਤਾਵੇਜ ਤਿਆਰ ਕਰਨ ਵਾਲੇ ਗਿਰੋਹ ਦਾ ਵੀ ਕਿੰਗਪਿੰਨ ਹੈ ਫੋਨ ਨੰਬਰ ਵਰਤਣ ਵਾਲਾ ਠੱਗ-ਐਸ.ਐਸ.ਪੀ.
ਪਟਿਆਲਾ : ਪਟਿਆਲਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਨੂੰ ਬੇਨਕਾਬ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜੋ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਪੁਰਾਣ ਮੋਬਾਇਲ ਨੰਬਰ ਨੂੰ ਵਰਤਕੇ ਡਿਪਟੀ ਸੀਐਮ ਦਾ ਕਰੀਬੀ ਹੋਣ ਦਾ ਭੁਲੇਖਾ ਪਾ ਕੇ ਆਪਣਾ ਦਬਦਬਾ ਬਣਾ ਰਿਹਾ ਸੀ, ਇਸ ਗਿਰੋਹ ਦਾ ਮੁੱਖ ਸਰਗਨਾ ਜਾਅਲੀ ਜਮਾਨਤੀ ਬਾਂਡ ਅਤੇ ਫ਼ਰਜੀ ਦਸਤਾਵੇਜ ਤਿਆਰ ਕਰਨ ਵਾਲੇ ਗਿਰੋਹ ਦਾ ਵੀ ਕਿੰਗਪਿੰਨ ਰਿਹਾ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸਰਮਾ ਨੇ ਅੱਜ ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਐਸ.ਐਸ.ਪੀ. ਨੇ ਦੱਸਿਆ ਕਿ ਇਹ ਪਟਿਆਲਾ ਪੁਲਿਸ ਨੇ ਥਾਣਾ ਲਾਹੌਰੀ ਗੇਟ ਵਿਖੇ ਮਿਤੀ 19 ਜੂਨ 2025 ਨੂੰ ਇੱਕ ਮਾਮਲਾ ਦਰਜ ਕਰਕੇ ਠੱਗਾਂ ਦੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ, ਜੋ ਕਿ ਜਾਅਲੀ ਜਮਾਨਤੀ ਬਾਂਡ ਅਤੇ ਫ਼ਰਜੀ ਦਸਤਾਵੇਜ ਤਿਆਰ ਕਰਕੇ ਵੱਖ-ਵੱਖ ਅਦਾਲਤਾਂ 'ਚ ਆਦੀ ਦੋਸ਼ੀਆ ਦੀਆਂ ਜਮਾਨਤਾਂ ਕਰਵਾਉਣ ਦਾ ਕਾਲਾ ਧੰਦਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਸਰਗਨੇ ਜੈ ਕਿਸ਼ਨ ਭਾਰਦਵਾਜ ਪੁੱਤਰ ਲੇਟ ਜੱਗਾ ਰਾਮ ਵਾਸੀ ਸੰਤੋਸ਼ ਕਲੋਨੀ ਧਾਰੂਹੇੜਾ ਜਿਲ੍ਹਾ ਰਿਵਾੜੀ ਹਰਿਆਣਾ ਨੂੰ ਜਦੋਂ ਗ੍ਰਿਫ਼ਤਾਰ ਕਰਕੇ ਉਸਦੇ 5 ਫੋਨ ਜ਼ਬਤ ਕੀਤੇ ਗਏ ਤੇ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਹੋਰ ਵੀ ਵੱਡੇ ਠੱਗ ਹੋਣ ਦੇ ਸਬੂਤ ਪੁਲਿਸ ਦੇ ਹੱਥ ਲੱਗੇ।
ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਵਿਅਕਤੀ ਨੇ ਵੋਡਾਫੋਨ ਕੰਪਨੀ ਦਾ ਇੱਕ ਅਜਿਹਾ ਨੰਬਰ 8447808080 ਆਪਣੇ ਸਰੋਤਾਂ ਰਾਹੀਂ ਹਾਸਲ ਕੀਤਾ, ਜਿਸ ਨੂੰ ਕਿ ਕਿਸੇ ਸਮੇਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਮੁਨੀਸ਼ ਸਿਸੋਦੀਆ ਵੱਲੋਂ ਵਰਤਿਆ ਜਾਂਦਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਕੋਲੋ ਬਰਾਮਦ ਹੋਏ ਨੰਬਰਾਂ ਦੀ ਫਾਰੈਂਸਿਕ ਜਾਂਚ ਕਰਵਾਈ ਤਾਂ ਕਾਫ਼ੀ ਖੁਲਾਸੇ ਹੋਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਫੋਨ ਨੰਬਰ ਨੂੰ ਜੈ ਕਿਸ਼ਨ ਨੇ ਆਪਣੇ ਆਪ ਨੂੰ ਮੁਨੀਸ਼ ਸਿਸੋਦੀਆ ਦਾ ਕਰੀਬੀ ਹੋਣ ਦਾ ਭਰਮ ਭੁਲੇਖਾ ਪੈਦਾ ਕਰਨ ਤੇ ਦਬਦਬਾ ਬਣਾਉਣ ਲਈ ਵਰਤਦੇ ਹੋਏ ਪੰਜਾਬ ਦੇ ਸਿਆਸੀ ਵਿਅਕਤੀਆਂ, ਵਿਧਾਇਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਸ ਨੰਬਰ ਰਾਹੀਂ ਵਟਸਐਪ ਮੈਜੇਜ ਕਰਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਫੀ ਲੋਕਾਂ ਨੂੰ ਮੂਰਖ ਬਣਾਕੇ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰੰਤੂ ਅਜੇ ਤੱਕ ਇਸਨੂੰ ਕਾਮਯਾਬੀ ਨਹੀਂ ਸੀ ਹਾਸਲ ਹੋਈ।
ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਦੇ ਅਧਾਰ 'ਤੇ ਪਟਿਆਲਾ ਪੁਲਿਸ ਨੇ ਇਸ ਠੱਗ ਗਿਰੋਹ ਵੱਲੋਂ ਕਿਸੇ ਵੱਡੇ ਹੋਰ ਸਕੈਮ ਹੋਣ ਦੀ ਸੰਭਾਵਨਾਂ ਦੇ ਮੱਦੇਨਜ਼ਰ ਥਾਣਾ ਕੋਤਵਾਲੀ ਵਿਖੇ ਮਿਤੀ 8 ਜੁਲਾਈ 2025 ਨੂੰ ਬੀ.ਐਨ.ਐਸ. ਦੀਆਂ ਧਾਰਾਵਾਂ 319 (2), 318(4) ਤੇ ਆਈਟੀ ਐਕਟ ਦੀਆਂ ਧਾਰਾਵਾਂ 66, 66 ਸੀ ਤੇ 66 ਡੀ ਤਹਿਤ ਮੁਕਦਮਾ ਨੰਬਰ 145 ਕਰਕੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਹ ਇੱਕ ਠੱਗੀਆਂ ਮਾਰਨ ਦਾ ਆਦੀ ਗਿਰੋਹ ਹੈ ਅਤੇ ਇਸ ਗਿਰੋਹ ਦੇ ਸਰਗਨੇ ਜੈ ਕਿਸ਼ਨ ਨੇ ਪਹਿਲਾਂ ਵੀ ਹਰਿਆਣਾ ਵਿਖੇ ਇੱਕ ਮਹਿਲਾ ਨਾਲ ਸੀ.ਬੀ.ਆਈ ਦਾ ਫਰਜੀ ਅਫ਼ਸਰ ਬਣਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ, ਜਿਸ 'ਚ ਇਸ ਨੂੰ ਤਿੰਨ ਸਾਲ ਦੀ ਸਜਾ ਵੀ ਹੋਈ ਸੀ।
ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਇਸ ਗਿਰੋਹ ਨੂੰ ਬੇਨਕਾਬ ਕਰਕੇ ਇੱਕ ਵੱਡਾ ਠੱਗੀ ਦੀ ਵਾਰਦਾਤ ਹੋਣ ਤੋਂ ਬਚਾਅ ਲਈ ਹੈ, ਕਿਉਂਕਿ ਇਸ ਠੱਗਾਂ ਦੇ ਕਿੰਗਪਿੰਨ ਜੈ ਕਿਸ਼ਨ ਨੇ ਆਪਣੀ ਚੈਟ ਵਿੱਚ ਆਪਣੇ ਆਪ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦਾ ਕਰੀਬੀ ਦਰਸਾਇਆ ਸੀ ਅਤੇ ਇਸ ਨੇ ਇਸ ਨੰਬਰ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ ਇੱਕ ਸਾਜਿਸ਼ ਘੜੀ ਸੀ।
ਉਨ੍ਹਾਂ ਦੱਸਿਆ ਕਿ ਇਸ ਨੇ ਇਹ ਨੰਬਰ ਵੋਡਾਫੋਨ 'ਚ ਅਪਣੇ ਕਿਸੇ ਕਰੀਬੀ ਦੀ ਸਹਾਇਤਾ ਨਾਲ ਹਾਸਲ ਕੀਤਾ ਸੀ, ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਪੀ. ਗੁਰਬੰਸ ਸਿੰਘ ਬੈਂਸ ਤੇ ਇੰਚਾਰਜ ਸੀਆਈਏ ਸਟਾਫ਼ ਪਰਦੀਪ ਸਿੰਘ ਬਾਜਵਾ ਵੀ ਮੌਜੂਦ ਸਨ।