ਪੁਲਿਸ ਵਿਭਾਗ ਇਨ੍ਹਾਂ ਮੀਡੀਆ ਕਰਮੀਆਂ ਦੇ ਸਹਾਰੇ ਹੀ ਆਪਣੀ ਕਾਰਗੁਜ਼ਾਰੀ ਦੀ ਲੁੱਟਦਾ ਵਾਹ ਵਾਹ : ਬਲਵੀਰ ਸਿੰਘ ਸੈਣੀ
ਹੁਸ਼ਿਆਰਪੁਰ : ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:)ਪੰਜਾਬ ਆਫ ਇੰਡੀਆ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਬੀਤੇ ਦਿਨੀ ਜਿਲਾ ਹੁਸ਼ਿਆਰਪੁਰ ਦੀ ਤਲਵਾੜਾ ਪੁਲਿਸ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦੀਪਕ ਠਾਕੁਰ ਖਿਲਾਫ ਦਰਜ ਕੀਤੇ ਗਏ ਪੁਲਿਸ ਕੇਸ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਸ ਨੂੰ ਲੋਕਤੰਤਰ ਦੇ ਚੌਥੇ ਥੰਮ ਉੱਪਰ ਹਮਲਾ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸਮੇਤ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਵੱਖ ਵੱਖ ਪੱਤਰਕਾਰਾਂ ਵਿਰੁੱਧ ਦਰਜ ਕੀਤੇ ਝੂਠੇ ਪੁਲਿਸ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਸਬੰਧੀ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ ਪੰਜਾਬ ਆਫ਼ ਇੰਡੀਆ ਵੱਲੋਂ ਪੰਜਾਬ ਬਲਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇੱਕ ਵਫਦ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੂੰ ਮੈਮੋਰੰਡਮ ਵੀ ਦਿੱਤਾ ਜਾਵੇਗਾ | ਇਸ ਮੌਕੇ ਉਹਨਾਂ ਨਾਲ ਤਰਸੇਮ ਦੀਵਾਨਾ ਜੁਆਇੰਟ ਸਕੱਤਰ ਇੰਡੀਆ ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ,ਹਰਵਿੰਦਰ ਸਿੰਘ ਭੂੰਗਰਨੀ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ, ਓਪੀ ਰਾਣਾ ਜ਼ਿਲ੍ਹਾ ਜਨਰਲ ਸਕੱਤਰ, ਜਸਵੀਰ ਸਿੰਘ ਮੁਖਲਿਆਣਾ ਪ੍ਰਧਾਨ ਮੇਹਟੀਆਣਾ ਯੂਨਿਟ,ਚੰਦਰਪਾਲ ਹੈਪੀ ਮਾਨਾ ਸਾਈਂ ਚੇਅਰਮੈਨ ਮੇਹਟੀਆਣਾ ਵੀ ਮੌਜੂਦ ਸਨ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬੀ ਟ੍ਰਿਬਿਊਨ ਦਾ ਤਲਵਾੜਾ ਤੋਂ ਪੱਤਰਕਾਰ ਦੀਪਕ ਠਾਕੁਰ ਭੂਮਾਫੀਏ ਦਾ ਮੁੱਢ ਤੋਂ ਹੀ ਵਿਰੋਧ ਕਰਦਾ ਆ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਸਰਪ੍ਰਸਤੀ ਹੇਠ ਚੱਲ ਰਹੇ ਇਸ ਮਾਈਨਿੰਗ ਮਾਫੀਆ ਦੀ ਅਖਬਾਰਾਂ ਵਿੱਚ ਵੱਡੇ ਪੱਧਰ ਦੇ ਕਵਰੇਜ ਕਰਦਾ ਆ ਰਿਹਾ ਹੈ ਜਿਸ ਤੋਂ ਦੁਖੀ ਹੋ ਕੇ ਤਲਵਾੜਾ ਦੇ ਡੀਐਸਪੀ ਬਲਵਿੰਦਰ ਸਿੰਘ ਜੌੜਾ ਅਤੇ ਐਸਐਚ ਓ ਸਤਪਾਲ ਸਿੰਘ ਵੱਲੋਂ ਖਾਸ ਕਰਕੇ ਆਪਣੇ ਆਕਾਵਾਂ ਦੇ ਇਸ਼ਾਰਿਆਂ ਤੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਗ੍ਰਿਫਤਾਰੀ ਤੋਂ ਬਾਅਦ ਵੀ ਉਸ ਨੂੰ ਮਾਈਨਿੰਗ ਖਿਲਾਫ ਬੋਲਣ ਤੇ ਧਮਕੀਆਂ ਉਕਤ ਅਧਿਕਾਰੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੀ ਵਰਕਿੰਗ ਰਿਪੋਰਟ ਐਸੋਸੀਏਸ਼ਨ ਸਮੇਤ ਸਮੁੱਚਾ ਪੱਤਰਕਾਰ ਭਾਈਚਾਰਾ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਉਹਨਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਭੂ ਮਾਫੀਏ, ਠੱਗ ਟਰੈਵਲ ਏਜੰਟਾਂ, ਖਨਨ ਮਾਫੀਆ, ਡਰੱਗ ਮਾਫੀਆ, ਗੈਂਗਸਟਰ ਮਾਫੀਆ, ਭ੍ਰਿਸ਼ਟ ਅਧਿਕਾਰੀ ਮਾਫੀਆ ਅਤੇ ਭ੍ਰਿਸ਼ਟ ਤੇ ਬੇਈਮਾਨ ਰਾਜਨੀਤਿਕ ਮਾਫੀਆ ਦੀ ਸ਼ਹਿ ਤੇ ਮਿਲੀਭੁਗਤ ਨਾਲ ਸੱਚੀ ਸੁੱਚੀ ਪੱਤਰਕਾਰੀ ਕਰ ਰਹੇ ਪੱਤਰਕਾਰਾਂ ਵਿਰੁੱਧ ਝੂਠੇ ਪਰਚੇ ਦਰਜ ਕਰਕੇ ਲੋਕਤੰਤਰ ਦੇ ਚੌਥੇ ਥੰਮ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਪੁਲਿਸ ਤੇ ਦੋਸ਼ ਲਾਇਆ ਕਿ ਕੁਝ ਪੁਲਿਸ ਅਧਿਕਾਰੀਆਂ ਨੂੰ ਛੱਡ ਕੇ ਬਹੁ ਗਿਣਤੀ ਪੁਲਿਸ ਮੁਲਾਜ਼ਮ ਉਪਰੋਕਤ ਮਾਫੀਆ ਦੇ ਸਰਗਣਿਆਂ ਤੋਂ ਮੋਟੀ ਮਾਇਆ ਦੇ ਗੱਫੇ ਪ੍ਰਾਪਤ ਕਰਕੇ ਜਿੱਥੇ ਉਹਨਾਂ ਦੇ ਗਲਤ ਕੰਮਾਂ ਦੀ ਪੁਸ਼ਤ ਪਨਾਹੀ ਕਰਦੇ ਹਨ ਉੱਥੇ ਇਹਨਾਂ ਦੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕਰਨ ਵਾਲੇ ਮੀਡੀਆ ਕਰਮੀਆਂ ਖਿਲਾਫ਼ ਕਿਸੇ ਕਾਰਨ ਤੋਂ ਪਰਚੇ ਦਰਜ ਕਰਕੇ ਪ੍ਰੈੱਸ ਦੀ ਆਵਾਜ਼ ਬੰਦ ਕਰਨ ਤੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭ੍ਰਿਸ਼ਟ ਪੁਲਸ ਅਫਸਰਾਂ, ਟਰੈਵਲ ਏਜੰਟਾ, ਭੂ ਮਾਫੀਆ, ਖਨਨ ਮਾਫੀਆ, ਭਰਿਸ਼ਟ ਅਧਿਕਾਰੀਆਂ ਅਤੇ ਭ੍ਰਿਸ਼ਟ ਰਾਜਨੀਤਿਕ ਲੋਕਾਂ ਵੱਲੋਂ ਲੋੜ ਤੋਂ ਵੱਧ ਬਣਾਈ ਜਾਇਦਾਦ ਦੀ ਨਿਰਪੱਖ ਜਾਂਚ ਕਰਾਈ ਜਾਵੇ ਤਾਂ ਕਿ ਗੈਰਕਾਨੂੰਨੀ ਦੌਲਤ ਦੇ ਦਮ 'ਤੇ ਫੈਲਾਈ ਜਾ ਰਹੀ ਅਰਾਜਕਤਾ ਨੂੰ ਠੱਲ ਪਾਈ ਜਾ ਸਕੇ। ਉਹਨਾਂ ਕਿਹਾ ਪੰਜਾਬ ਅੰਦਰ ਵੱਖ ਵੱਖ ਸ਼ਹਿਰਾਂ ਵਿੱਚ ਪੱਤਰਕਾਰਾਂ ਤੇ ਇਸੇ ਤਰ੍ਹਾਂ ਹੀ ਝੂਠੇ ਪਰਚੇ ਦਰਜ ਕੀਤੇ ਗਏ ਹਨ। ਪੰਜਾਬ ਪੁਲਿਸ ਵੱਲੋਂ ਝੂਠੇ ਪਰਚੇ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਨਾਂ ਪੰਜਾਬ ਦੇ ਸਮੂਹ ਪੱਤਰਕਾਰ ਕਲੱਬਾਂ ਅਤੇ ਪੱਤਰਕਾਰ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਇੱਕ ਪਲੇਟਫਾਰਮ ਤੇ ਜਥੇਬੰਦ ਹੋ ਕੇ ਸਾਂਝਾ ਫਰੰਟ ਬਣਾਈਏ ਤਾਂ ਜੋ ਪੱਤਰਕਾਰਾਂ ਦੀ ਸੁਰੱਖਿਆ ਅਤੇ ਨਜਾਇਜ਼ ਪਰਚਿਆਂ ਨੂੰ ਰੱਦ ਕਰਾਉਣ ਲਈ ਸਾਂਝੇ ਸੁਹਿਰਦ ਯਤਨ ਕੀਤੇ ਜਾ ਸਕਣ।