ਕੇਂਦਰ ਅਤੇ ਸੂਬਾ ਸਰਕਾਰ ਕਾਰਪੋਰੇਟ ਘਰਾਣਿਆਂ ਦੀਆਂ ਕਠਪੁਤਲੀਆਂ ਬਣੀਆਂ
ਸੁਨਾਮ : ਕਿਰਤੀਆਂ ਦੇ ਹੱਕਾਂ ਲਈ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜਮ ਫੈਡਰੇਸ਼ਨਾਂ ਵੱਲੋਂ ਦਿੱਤੇ ਦੇਸ਼ ਵਿਆਪੀ ਸੱਦੇ ਤਹਿਤ ਬੁੱਧਵਾਰ ਨੂੰ ਸੁਨਾਮ ਵਿਖੇ ਮਿੱਡ ਡੇ ਮੀਲ ਕੁੱਕ ਵਰਕਰਾਂ ਨੇ ਅਗਰਸੈਨ ਚੌਂਕ ਵਿਖੇ ਸੰਕੇਤਕ ਧਰਨਾ ਦੇਕੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਰੱਜਕੇ ਭੜਾਸ ਕੱਢੀ। ਇਸ ਮੌਕੇ ਬੋਲਦਿਆਂ ਸੀ.ਟੀ.ਯੂ. ਦੇ ਸੂਬਾ ਪ੍ਰਧਾਨ ਦੇਵ ਰਾਜ ਵਰਮਾ, ਸਰਬਜੀਤ ਸਿੰਘ ਵੜੈਚ, ਕਾਮਰੇਡ ਮੱਖਣ ਜਖੇਪਲ ਅਤੇ ਜਸਮੇਲ ਕੌਰ ਬੀਰ ਕਲਾਂ ਨੇ ਕਿਹਾ ਕਿ ਕਿਰਤੀਆਂ ਨੂੰ ਕੇਂਦਰੀ ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਅਣਦੇਖੀ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾ ਰਹੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਰਲਕੇ ਕਿਰਤੀਆਂ ਦੇ ਹੱਕ ਖੋਹ ਰਹੇ ਹਨ। ਧਰਨਾਕਾਰੀਆਂ ਨੇ ਸਰਕਾਰਾਂ ਨੂੰ ਘੇਰਦਿਆਂ ਕਿਹਾ ਕਿ ਚਾਰ ਲੇਬਰ ਕਾਨੂੰਨ ਰੱਦ ਕਰਨ,ਘੱਟੋ-ਘੱਟ ਉਜਰਤ 26 ਹਜਾਰ ਰੁਪਏ ਪ੍ਰਤੀ ਮਹੀਨਾ ਲਾਗੂ ਕਰਾਉਣ, ਜਨਤਕ ਵੰਡ ਪ੍ਰਣਾਲੀ ਨੂੰ ਸਮੁੱਚੇ ਦੇਸ਼ ਵਿੱਚ ਲਾਗੂ ਕਰਵਾਉਣਾ, ਪੁਰਾਣੀ ਪੈਨਸ਼ਨ ਲਾਗੂ ਕਰਾਉਣ ਸਮੇਤ ਹਰ ਪ੍ਰਕਾਰ ਦੇ ਕੱਚੇ, ਠੇਕੇ, ਆਊਟ ਸੋਰਸਿੰਗ, ਡੇਲੀਵੇਜ਼ ਤੇ ਕਾਰਜਸ਼ੀਲ ਮੁਲਾਜਮਾਂ ਦੀਆਂ ਸੇਵਾਂਵਾਂ ਨੂੰ ਪੱਕਾ ਕਰਵਾਉਣਾ ਹੈ , ਸਰਕਾਰਾਂ ਪੜ੍ਹੇ ਲਿਖੇ ਕਿਰਤੀਆਂ ਦਾ ਵੀ ਸ਼ੋਸ਼ਣ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਸਰਕਾਰੀ ਮਹਿਕਮਿਆਂ ਅੰਦਰ ਪੱਕੇ ਤੌਰ ਤੇ ਭਰਤੀ ਕਰਕੇ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਨੇ ਕਿਰਤੀਆਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨਿਰਮਲ ਕੌਰ, ਨਸੀਬ ਕੌਰ ਪੰਜ ਗਰਾਈਆਂ, ਤੇਜ਼ ਕੌਰ ਸੇਰਪੁਰ, ਖੁਸ਼ੀ ਚੰਗਾਲ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਰੋਸ ਧਰਨੇ ਵਿੱਚ ਨਿਰਮਲ ਕੌਰ ਸੁਨਾਮ, ਨਸੀਬ ਕੌਰ ਸ਼ੇਰਪੁਰ, ਦਲਜੀਤ ਕੌਰ ਦਿੜ੍ਹਬਾ, ਮੁਨੀਤਾ ਲਹਿਰਾ, ਮਨਜੀਤ ਕੌਰ ਚੀਮਾਂ, ਸਰਬਜੀਤ ਕੌਰ ਧੂਰੀ, ਮਨਜੀਤ ਕੌਰ ਬਲਾਕ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸ਼ਿਰਕਤ ਕੀਤੀ।