ਸੁਨਾਮ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਇਲਾਕੇ ਦੇ ਵੱਖ-ਵੱਖ ਟਰੇਡਾਂ ਨਾਲ ਸਬੰਧਤ ਵਪਾਰੀਆਂ ਨੇ ਈ.ਟੀ.ਓ. ਨਛੱਤਰ ਸਿੰਘ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਵਪਾਰੀਆਂ ਨੇ ਦਰਪੇਸ਼ ਸਮੱਸਿਆਵਾਂ ਨੂੰ ਈ.ਟੀ.ਓ. ਸਾਹਮਣੇ ਰੱਖਕੇ ਹੱਲ ਕਰਨ ਲਈ ਆਖਿਆ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦੇ ਪ੍ਰਧਾਨ ਪਵਨ ਗੁੱਜਰਾਂ ਨੇ ਦੱਸਿਆ ਕਿ ਈਟੀਓ ਨਾਲ ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਜੀ.ਐਸ.ਟੀ. ਸਬੰਧੀ ਛਾਪੇਮਾਰੀ ਤੇ ਇਤਰਾਜ਼ ਜਤਾਇਆ ਗਿਆ। ਉਹਨਾਂ ਕਿਹਾ ਕਿ ਹਰ ਵਪਾਰੀ ਵੱਲੋਂ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਆਪਣਾ ਬਣਦਾ ਟੈਕਸ ਅਦਾ ਕੀਤਾ ਜਾ ਰਿਹਾ ਹੈ ਅਤੇ ਹਰ ਵਪਾਰੀ ਸਾਫ-ਸੁਥਰੇ ਢੰਗ ਨਾਲ ਕੰਮ ਕਰਦੇ ਹੋਏ ਆਪਣਾ ਵਪਾਰ ਕਰ ਰਿਹਾ ਹੈ।
ਵਪਾਰੀ ਆਗੂ ਪਵਨ ਗੁੱਜਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਈ.ਟੀ.ਓ. ਨਛੱਤਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਭਾਗ ਵੱਲੋਂ ਸ਼ਹਿਰ ਵਿੱਚ ਇੱਕ ਮਹੀਨੇ ਵਿੱਚ ਚਾਰ ਰੇਡਾਂ ਕਰਨ ਦੀਆਂ ਹਦਾਇਤਾਂ ਹਨ ਅਤੇ ਉਹਨਾਂ ਵੱਲੋਂ ਵਿਭਾਗ ਦੇ ਹੁਕਮਾਂ ਅਨੁਸਾਰ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਿਹਨਾਂ ਵਪਾਰੀਆਂ ਜੀ.ਐਸ.ਟੀ. ਦੀ ਕੰਪੋਜੀਸ਼ਨ ਹੈ ਉਸ ਵਿੱਚ ਵਪਾਰੀ ਘੱਟ ਤੋਂ ਘੱਟ 1% ਟੈਕਸ ਜਮ੍ਹਾਂ ਕਰਵਾਉਣ। ਇਸ ਦੌਰਾਨ ਸਮੂਹ ਵਪਾਰੀਆਂ ਵੱਲੋਂ ਈ.ਟੀ.ਓ. ਨਛੱਤਰ ਸਿੰਘ ਨੂੰ ਚੇਅਰਮੈਨ ਅਨਿਲ ਠਾਕੁਰ ਵੱਲੋਂ ਇਹਨਾਂ ਰੇਡਾਂ ਨੂੰ ਵਾਪਸ ਲੈਣ ਸਬੰਧੀ ਵੀ ਦੱਸਿਆ ਪਰ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਇਹ ਰੇਡਾਂ ਵਾਪਸ ਨਹੀਂ ਲਈਆਂ ਗਈਆਂ। ਇਸ ਮੌਕੇ ਜੀਵਨ ਗੋਇਲ, ਚੰਦਰ ਪ੍ਰਕਾਸ਼, ਮਨੋਜ ਬਾਂਸਲ, ਕੈਪਟੀ, ਕਰਨ ਗੋਇਲ, ਸ਼ੀਤਲ ਜੈਨ, ਰਾਜ਼ੇਸ਼ ਬਾਂਸਲ, ਰਾਜ਼ੇਸ਼ ਆਦਿ ਵੀ ਮੌਜੂਦ ਸਨ।