ਚੰਡੀਗੜ੍ਹ : ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਨਵਰੀ ਮਹੀਨੇ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਬਦਲੀ ਪ੍ਰਕਿਰਿਆ ਤੇ ਪ੍ਰਸ਼ਨ ਉਠਾਉਂਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੀ ਬਦਲੀ ਨੀਤੀ ਵਿੱਚ ਲਿਖਤੀ ਤੌਰ ‘ਤੇ ਦਰਜ ਹੈ ਕਿ ਵਿਭਾਗ ਹਰ ਸਾਲ ਜਨਵਰੀ ਮਹੀਨੇ ਵਿੱਚ ਬਦਲੀ ਪ੍ਰਕਿਰਿਆ ਸ਼ੁਰੂ ਕਰੇਗਾ ਅਤੇ 31 ਮਾਰਚ ਤੱਕ ਇਹ ਬਦਲੀ ਪ੍ਰਕਿਰਿਆ ਸਿਰੇ ਲੱਗ ਜਾਵੇਗੀ ਜਿਸ ਨਾਲ ਨਵੇਂ ਸੈਸ਼ਨ ਦੇ ਸ਼ੁਰੂ ਤੋਂ ਹੀ ਅਧਿਆਪਕ ਪੂਰਾ ਸੈਸ਼ਨ ਸਕੂਲ ਦੇ ਵਿੱਚ ਵਿਦਿਆਰਥੀਆਂ ਦੇ ਸੰਪਰਕ ਵਿੱਚ ਰਹੇਗਾ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਬੁਰਾ ਅਸਰ ਨਹੀਂ ਪਵੇਗਾ। ਪਰ ਇਸ ਸਾਲ ਛੇ ਮਹੀਨੇ ਦੇਰੀ ਨਾਲ 6 ਜੂਨ ਨੂੰ ਬਦਲੀਆਂ ਲਈ ਖੋਲ੍ਹਿਆ ਗਿਆ ਪੋਰਟਲ ਹਾਲੇ ਸਟੇਸ਼ਨ ਚੋਣ ਲਈ ਖੋਲ੍ਹੇ ਜਾਣ ਲਈ ਅਧਿਆਪਕਾਂ ਤੋਂ ਉਡੀਕ ਕਰਵਾ ਰਿਹਾ ਹੈ। ਇਹ ਉਡੀਕ ਅਧਿਆਪਕਾਂ ਲਈ ਉਦੋਂ ਹੋਰ ਵੀ ਬੇਸਬਰੀ ਅਤੇ ਬੇਇਤਬਾਰੀ ਪੈਦਾ ਕਰ ਰਹੀ ਹੈ ਜਦੋਂ ਬਦਲੀਆਂ ਵਾਲਾ ਪੋਰਟਲ ਖੁੱਲ੍ਹਣ ਦੇ ਬਾਵਜੂਦ ਸਕੂਲ ਆਫ ਐਮੀਨੈਂਸ ਲਈ ਆਫ ਲਾਈਨ ਬਦਲੀਆਂ ਦੀਆਂ ਲਿਸਟਾਂ ਜਾਰੀ ਹੋ ਜਾਂਦੀਆਂ ਹਨ।ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਵੱਲੋਂ ਆਨ ਲਾਈਨ ਬਦਲੀਆਂ ਵਾਲਾ ਪੋਰਟਲ ਖੋਲ੍ਹਿਆ ਗਿਆ ਹੈ ਤਾਂ ਸਕੂਲ ਆਫ਼ ਐਮੀਨੈਂਸ ਵਿੱਚ ਆਫ ਲਾਈਨ ਬਦਲੀਆਂ ਕਰਨਾ ਗੈਰ ਵਾਜਬ ਹੈ। ਸਰਕਾਰ ਵੱਲੋਂ ਇੰਨ੍ਹਾਂ ਬਦਲੀਆਂ ਨੂੰ “ਵਲੰਟੀਅਰ” ਬਦਲੀਆਂ ਦਾ ਨਾਂ ਦੇ ਕੇ ਸਕੂਲਾਂ ਵਿੱਚ ਵਿਤਕਰਾ ਕਰ ਰਹੀ ਹੈ। ਸਰਕਾਰ ਜੇਕਰ ਸੱਚਮੁਚ ਹੀ ਵਲੰਟਰੀ ਤੌਰ ‘ਤੇ ਬਦਲੀ ਕਰਾਉਣ ਦੇ ਚਾਹਵਾਨ ਅਧਿਆਪਕਾਂ ਤੋਂ ਬਦਲੀਆਂ ਲਈ ਬੇਨਤੀ ਪੱਤਰਾਂ ਦੀ ਮੰਗ ਕਰਨਾ ਚਾਹੁੰਦੀ ਹੈ ਤਾਂ ਉਹ ਪੱਛੜੇ ਖੇਤਰਾਂ ਦੇ ਸਕੂਲਾਂ ਵੱਲ ਧਿਆਨ ਦੇਵੇ ਅਤੇ ਪੱਛੜੇ ਖੇਤਰ ਦੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਕਰੇ ਤਾਂ ਪੱਛੜੇ ਖੇਤਰਾਂ ਦੇ ਸਕੂਲਾਂ ਨੂੰ ਅਧਿਆਪਕ ਮਿਲ ਸਕਣ। ਸ਼ਹਿਰੀ ਅਤੇ ਪਹੁੰਚ ਯੋਗ ਖੇਤਰ ਵਿੱਚ ਚੱਲ ਰਹੇ ਸਕੂਲ ਆਫ਼ ਐਮੀਨੈਂਸ ਸਕੂਲਾਂ ਲਈ ਬਦਲੀਆਂ ਲਈ ਬਿਨੈ ਪੱਤਰ ਮੰਗਣੇ ਸਰਕਾਰ ਵੱਲੋਂ ਪੱਛੜੇ ਖੇਤਰ ਦੇ ਸਕੂਲਾਂ ਨੂੰ ਅਣਗੌਲਿਆਂ ਕਰਨ ਦਾ ਸਬੂਤ ਹੈ। ਸਕੂਲ ਆਫ ਐਮੀਨੈਂਸ ਨੂੰ ਲੋੜ ਤੋਂ ਵੱਧ ਪਹਿਲ ਅਤੇ ਬਾਕੀ ਸਕੂਲਾਂ ਦੀਆਂ ਲੋੜਾਂ ਪ੍ਰਤੀ ਅੱਖਾਂ ਮੀਟਣਾ ਸਰਕਾਰ ਦੇ ਆਮ ਲੋਕਾਂ ਦੀ ਸਿੱਖਿਆ ਪ੍ਰਤੀ ਦੋਹਰੇ ਮਾਪਦੰਡਾਂ ਦੀ ਨਿਸ਼ਾਨੀ ਹੈ ਅਤੇ ਡੀ ਟੀ ਐੱਫ ਸਰਕਾਰ ਦੇ ਇਸ ਵਿਹਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਵਿਭਾਗ ਵੱਲੋਂ ਸਮੇਂ ਸਿਰ ਬਦਲੀਆਂ ਨਾ ਕਰਨਾ ਅਤੇ ਬਦਲੀਆਂ ਦੀ ਥਾਂ ਡੈਪੂਟੇਸ਼ਨਾਂ ਕਰਨਾ ਵੀ ਵਿਭਾਗ ਵਿੱਚ ਰਾਜਨੀਤਕ ਦਖ਼ਲਅੰਦਾਜ਼ੀ ਦਾ ਹੀ ਸਬੂਤ ਹੈ। ਆਗੂਆਂ ਨੇ ਮੰਗ ਕੀਤੀ ਕਿ ਬਦਲੀਆਂ ਵਾਲਾ ਪੋਰਟਲ ਤੁਰੰਤ ਖੋਲ੍ਹਿਆ ਜਾਵੇ ਅਤੇ ਈ ਟੀ ਟੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਵਿੱਚ ਦੁਰੇਡੇ ਸਟੇਸ਼ਨਾਂ ‘ਤੇ ਤਰੱਕੀਆਂ ਲੈਣ ਵਾਲੇ ਅਧਿਆਪਕਾਂ, 6635 ਈ ਟੀ ਟੀ, 4161 ਮਾਸਟਰ ਕਾਡਰ, ਪ੍ਰਮੋਟ ਕੀਤੇ ਈ ਟੀ ਟੀ ਤੋਂ ਮਾਸਟਰ ਕਾਡਰ, ਲੈਕਚਰਾਰ, ਪੀ ਟੀ ਆਈ ਤੋਂ ਡੀ ਪੀ ਆਈ ਅਤੇ ਹੋਰ ਨਵੀਂ ਭਰਤੀਆਂ ਵਾਲੇ ਅਧਿਆਪਕਾਂ ਨੂੰ ਵੀ ਬਦਲੀਆਂ ਦਾ ਮੌਕਾ ਦਿੱਤਾ ਜਾਵੇ।